ਕੈਨੇਡਾ ‘ਚ 44 ਸਾਲਾ ਪੰਜਾਬਣ ਦੀ ਮੌਤ, ਪਰਿਵਾਰ ਤੇ ਪੁਲਿਸ ਦੀ ਲੋਕਾਂ ਨੂੰ ਅਪੀਲ

Prabhjot Kaur
3 Min Read

ਸਕੁਐਮਿਸ਼: ਸਕੁਐਮਿਸ਼ ਦੇ ਪੇਮਬਰਟਨ ਅਤੇ ਕਲੀਵਲੈਂਡ ਐਵੇਨਿਊ ਵਿਖੇ ਬੀਤੀ 2 ਸਤੰਬਰ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ‘ਚ ਗੁਰਪ੍ਰੀਤ ਸੰਘਾ ਨਾਮ ਦੀ ਪੰਜਾਬੀ ਮਹਿਲਾ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਆਰਸੀਐਮਪੀ ਨੇ ਵਲੋਂ ਇਸ ਘਟਨਾ ‘ਚ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਇੱਕ ਟਰੱਕ ਬੇਕਾਬੂ ਹੋ ਕੇ ਬੱਸ ਸਟੌਪ ਦੇ ਨੇੜੇ ਖੜ੍ਹੀ ਗੱਡੀ ’ਤੇ ਪਲਟ ਗਿਆ, ਜਿਸ ਵਿੱਚ ਦੋ ਔਰਤਾਂ ਸਵਾਰ ਸਨ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਭੱਜ ਕੇ ਉਸ ਗੱਡੀ ਵਿੱਚ ਫਸੀਆਂ ਔਰਤਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਇਸ ਦੌਰਾਨ ਟਰੱਕ ਡਰਾਈਵਰ ਵੀ ਆਪਣੇ ਟਰੱਕ ਵਿੱਚ ਫਸਿਆ ਹੋਇਆ ਸੀ, ਉਸ ਨੂੰ ਵੀ ਰਾਹਗੀਰਾਂ ਨੇ ਬਾਹਰ ਕੱਢ ਦਿੱਤਾ, ਪਰ ਉਹ ਮੌਕੇ ਦਾ ਫਾਇਦਾ ਚੁੱਕਦਿਆਂ ਉੱਥੋਂ ਫਰਾਰ ਹੋ ਗਿਆ। ਜ਼ਖਮੀਆਂ ਹੋਈਆਂ ਦੋ ਔਰਤਾਂ ‘ਚੋਂ ਇੱਕ ਦੀ ਜਾਨ ਬਚ ਗਈ ਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ, ਪਰ 44 ਸਾਲ ਦੀ ਗੁਰਪ੍ਰੀਤ ਸੰਘਾ ਨੇ 16 ਸਤੰਬਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ।

ਪੁਲਿਸ ਵੱਲੋਂ ਹਾਦਸੇ ਵਿੱਚ ਸ਼ਾਮਲ ਚਿੱਟੇ ਰੰਗ ਦੇ 1999 ਮਾਡਲ ਫੋਰਡ ਔਫ਼ 250 ਟਰੱਕ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਇੱਕ ਗੱਡੀ ਦੇ ਪਿੱਛੇ ਲੁਕੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਪਰ ਉਸ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਸਕੁਐਮਿਸ਼ ਆਰਸੀਐਮਪੀ ਅਤੇ ਮ੍ਰਿਤਕਾ ਦੇ ਪਰਿਵਾਰ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਇਸਪੈਕਟਰ ਰੌਬਰਟ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਹਾਦਸੇ ਦੇ ਕਈ ਅਜਿਹੇ ਗਵਾਹ ਹਨ, ਜਿਨ੍ਹਾਂ ਨੇ ਹੁਣ ਤੱਕ ਪੁਲਿਸ ਨਾਲ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਨੂੰ ਅਪੀਲ ਹੈ ਕਿ ਜਿਸ ਕੋਲ ਜਿੰਨੀ ਵੀ ਇਸ ਹਾਦਸੇ ਬਾਰੇ ਜਾਣਕਾਰੀ ਹੈ ਉਹ ਜਾਂਚਕਰਤਾ ਟੀਮ ਨਾਲ ਜ਼ਰੂਰੀ ਸਾਂਝੀ ਕਰਨ ਤਾਂ ਗੁਰਪ੍ਰੀਤ ਸੰਘਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ ਤੇ ਦੋਸ਼ੀ ਵਿਅਕਤੀ ਨੂੰ ਬਣਦੀ ਸਜ਼ਾ ਮਿਲੇ। ਇਸਤੋਂ ਇਲਾਵਾ ਇੰਸਪੈਕਟਰ ਨੇ ਗਵਾਹਾਂ ਦੇ ਨਾਲ ਹੀ ਹਾਦਸੇ ਨਾਲ ਸਬੰਧਤ ਟਰੱਕ ਦੇ ਡਰਾਈਵਰ ਨੂੰ ਵੀ ਪੁਲਿਸ ਕੋਲ ਖੁਦ ਪੇਸ਼ ਹੋਣ ਤੇ ਜਾਂਚਕਰਤਾ ਟੀਮ ਨੂੰ ਜਾਂਚ ਵਿੱਚ ਸਹਿਯੋਗ ਦੇਣ ਨੂੰ ਕਿਹਾ ਹੈ।

- Advertisement -

ਸਕੁਐਮਿਸ਼ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਹੈ ਜਾਂ ਉਹ ਮੌਕੇ ਦਾ ਗਵਾਹ ਹੈ ਤਾਂ ਉਹ ਫੋਨ ਨੰਬਰ : 604-892-6120 ‘ਤੇ ਸੰਪਰਕ ਕਰੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment