ਖੇਡ ਮੰਤਰੀ ਨੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਮੁਕੰਮਲ ਵੇਰਵੇ ਮੰਗੇ

TeamGlobalPunjab
4 Min Read

ਚੰਡੀਗੜ੍ਹ: ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਸਮੇਂ ਸਿਰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦੇਣ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਲੋੜੀਂਦੇ ਖ਼ਰਚਿਆਂ ਦੀ ਤੁਰੰਤ ਪੂਰਤੀ ਕਰਨ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਹਦਾਇਤਾਂ ਮੁਤਾਬਕ ਖੇਡ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਸਮਾਂਬੱਧ ਤਰੀਕੇ ਨਾਲ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰਾਂ ਨੂੰ 21 ਸਤੰਬਰ ਤੱਕ ਹਰ ਹਾਲ ਵਿੱਚ ਮੁਕੰਮਲ ਵੇਰਵੇ ਮੁੱਖ ਦਫ਼ਤਰ ਨੂੰ ਭੇਜਣ ਲਈ ਪਾਬੰਦ ਕੀਤਾ ਗਿਆ ਹੈ।

ਇੱਥੇ ਜਾਰੀ ਬਿਆਨ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਪਿਛਲੇ ਦਿਨੀਂ ਅਰਜੁਨਾ ਐਵਾਰਡ, ਧਿਆਨ ਚੰਦ ਅਤੇ ਹੋਰ ਕੌਮੀ ਐਵਾਰਡ ਜੇਤੂਆਂ ਨੂੰ ਸਨਮਾਨਤ ਮੌਕੇ ਇਹ ਧਿਆਨ ਵਿੱਚ ਆਇਆ ਸੀ ਕਿ ਕਈ ਉੱਘੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰ ਚੁੱਕੇ ਹਨ ਪਰ ਜ਼ਿਲ੍ਹਾ ਪੱਧਰ’ ਤੇ ਖੇਡ ਅਫ਼ਸਰਾਂ ਅਤੇ ਖਿਡਾਰੀਆਂ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਕਾਰਨ ਇਹ ਖਿਡਾਰੀ ਪੰਜਾਬ ਸਰਕਾਰ ਦੀ ਖੇਡ ਨੀਤੀ-2018 ਤਹਿਤ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰਾਂ ਅਤੇ ਹੋਰ ਰਿਆਇਤਾਂ ਤੇ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਇਸ ਦੇ ਸਨਮੁੱਖ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਜਿਹੇ ਖਿਡਾਰੀਆਂ ਬਾਰੇ ਮੁਕੰਮਲ ਵੇਰਵੇ ਸਮਾਂਬੱਧ ਢੰਗ ਨਾਲ ਮੁੱਖ ਦਫ਼ਤਰ ਚੰਡੀਗੜ੍ਹ ਨੂੰ 21 ਸਤੰਬਰ ਤੱਕ ਭੇਜਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ।

ਖੇਡ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖੇਡ ਨੀਤੀ-2018 ਤਹਿਤ ਪਿਛਲੇ ਵਰ੍ਹੇ ਪੁਰਾਣੇ ਦਿੱਗਜ਼ ਖਿਡਾਰੀਆਂ ਸਣੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਪਿਛਲੇ ਦਿਨੀਂ ਸੂਬੇ ਦੀ ਖੇਡ ਨੀਤੀ ‘ਚ ਬਦਲਾਅ ਕਰਕੇ ਧਿਆਨ ਚੰਦ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਵੇਂ ਐਲਾਨ ਤੋਂ ਬਾਅਦ ਰਾਜ ਖੇਡ ਪੁਰਸਕਾਰਾਂ ਲਈ ਸਾਰੇ ਯੋਗ ਖਿਡਾਰੀਆਂ ਨੂੰ ਕਵਰ ਕਰਨ ਦੇ ਮਨਸ਼ੇ ਨਾਲ ਇਹ ਕਾਰਵਾਈ ਅਰੰਭੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਡ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸੂਬੇ ਵਿੱਚ ਕਾਫ਼ੀ ਤਦਾਦ ਵਿੱਚ ਅਜਿਹੇ ਖਿਡਾਰੀ ਹਨ, ਜਿਨ੍ਹਾਂ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰੀਆਂ ਹਨ ਅਤੇ ਉਹ ਕੌਮਾਂਤਰੀ ਪੱਧਰ ਦੇ ਆਗਾਮੀ ਟੂਰਨਾਮੈਂਟਾਂ ਲਈ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਹੋਣਹਾਰ ਖਿਡਾਰੀਆਂ, ਉਨ੍ਹਾਂ ਦੀ ਖੇਡ ਵੰਨਗੀ, ਜਿੱਤੇ ਗਏ ਇਨਾਮਾਂ ਦੀ ਗਿਣਤੀ, ਰਾਜ ਪੁਰਸਕਾਰਾਂ ਲਈ ਯੋਗਤਾ ਆਦਿ ਦੇ ਵੇਰਵੇ ਫ਼ੌਰੀ ਤੌਰ ‘ਤੇ ਭੇਜਣ। ਜ਼ਿਲ੍ਹਾ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਆਪਣੇ ਦਫ਼ਤਰ ਬੁਲਾਉਣ, ਜੋ ਪੰਜਾਬ ਖੇਡ ਨੀਤੀ-2018 ਅਨੁਸਾਰ ਨਗਦ ਪੁਰਸਕਾਰ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਅਤੇ ਪੰਜਾਬ ਸਰਕਾਰ ਦੀਆਂ ਹੋਰ ਰਿਆਇਤਾਂ ਦੇ ਯੋਗ ਹਨ। ਖਿਡਾਰੀਆਂ ਤੋਂ ਨਿਰਧਾਰਤ ਪ੍ਰੋਫ਼ਾਰਮੇ ਵਿੱਚ ਮੁਕੰਮਲ ਜਾਣਕਾਰੀ ਭਰਵਾ ਕੇ ਇਹ ਰਿਪੋਰਟ ਵਿਸ਼ੇਸ਼ ਹਰਕਾਰੇ ਰਾਹੀਂ ਮੁੱਖ ਦਫ਼ਤਰ ਪੁੱਜਦੀ ਕਰਨ।

- Advertisement -

ਖਰਬੰਦਾ ਨੇ ਕਿਹਾ ਕਿ ਇਸ ਤੋਂ ਇਲਾਵਾ ਅਜਿਹੇ ਖਿਡਾਰੀਆਂ ਦੀ ਵੀ ਜਾਣਕਾਰੀ ਮੰਗੀ ਗਈ ਹੈ, ਜੋ ਆਗਾਮੀ ਉਲੰਪਿਕਸ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਅਤੇ ਕੌਮੀ/ਕੌਮਾਂਤਰੀ ਪੱਧਰ ਦੇ ਹੋਰ ਖੇਡ ਟੂਰਨਾਮੈਂਟਾਂ ਲਈ ਤਿਆਰੀ ਕਰ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖਿਡਾਰੀਆਂ ਦੀ ਤਿਆਰੀ, ਲੋੜੀਂਦੇ ਖ਼ਰਚੇ, ਖੇਡਣ ਜਾਣ ਵਾਲੇ ਸਥਾਨ ਤੇ ਮੁਲਕ ਆਦਿ ਬਾਰੇ ਮੁਕੰਮਲ ਰਿਪੋਰਟ ਭੇਜਣ।

Share this Article
Leave a comment