ਕੇਜਰੀਵਾਲ ਦਾ ਅਮਿਤ ਸ਼ਾਹ ‘ਤੇ ਪਲਟਵਾਰ: “ਉਹ ਪੰਜਾਬ ਸਰਕਾਰ ਨੂੰ ਡੇਗਣ ਦੀ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ, ਜੇ ਪੰਜਾਬੀ ਆਪਣੀ ਆਈ ‘ਤੇ ਆ ਗਏ ਤਾਂ ਉਹ ਤੁਹਾਨੂੰ ਪੰਜਾਬ ਵਿੱਚ ਵੜਨ ਨਹੀਂ ਦੇਣਗੇ।”

Prabhjot Kaur
10 Min Read

ਅੰਮ੍ਰਿਤਸਰ/ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ‘ਵਪਾਰੀ ਕਾਰੋਬਾਰੀ ਮਿਲਣੀ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ। ਸਮਾਗਮ ਵਿੱਚ ਕੇਜਰੀਵਾਲ ਦੇ ਨਾਲ ‘ਆਪ’ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ‘ਆਪ’ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਤੇ ਜੀਵਨਜੋਤ ਕੌਰ ਹਾਜ਼ਰ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਮਿਸ਼ਨ ਏਜੰਟਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਵਿਚੋਲੇ ਕਹਿੰਦੇ ਹਨ। ਪਰ ਅਸੀਂ ਤੁਹਾਨੂੰ ਆਪਣੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਹੀ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ,ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਦਯੋਗ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ। ਦੇਸ਼ ਦੀ ਆਰਥਿਕਤਾ ਵਿੱਚ ਉਦਯੋਗਪਤੀ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਡੇ ਲਈ ਬਹੁਤ ਮਹੱਤਵਪੂਰਨ ਹੋ। ਇਸ ਲਈ ਮੈਂ ਦਿੱਲੀ ਵਿਚ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸਿੱਧਾ ਤੁਹਾਨੂੰ ਮਿਲਣ ਆਇਆ ਹਾਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਿਛਲੇ ਸਾਲ ਪੰਜਾਬ ਆਇਆ ਸੀ ਤਾਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ। ਇਸ ਵਾਰ ਮੈਂ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ।

ਸਾਨੂੰ 13-0 ਨਾਲ ਜਿੱਤਾ ਕੇ ਕੇਂਦਰ ਵਿੱਚ ਮਜ਼ਬੂਤ ਬਣਾਓ। ਫਿਰ ਅਸੀਂ ਕੇਂਦਰ ਸਰਕਾਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਾਂਗੇ ਅਤੇ ਸਾਰੇ ਬਕਾਇਆ ਫੰਡ ਵੀ ਜਾਰੀ ਕਰਵਾਵਾਂਗੇ।

- Advertisement -

ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ। ਜਿਸ ਵਿੱਚ 5500 ਕਰੋੜ ਰੁਪਏ ਪੇਂਡੂ ਵਿਕਾਸ ਫੰਡ ਦੇ ਹਨ। ਇਸ ਪੈਸੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਸੜਕਾਂ ਅਤੇ ਹੋਰ ਪੇਂਡੂ ਵਿਕਾਸ ਦੇ ਕੰਮ ਕੀਤੇ ਜਾਣੇ ਸਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਹੈ, ਜਿਸ ਕਾਰਨ ਪੰਜਾਬ ਦੇ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਹਸਪਤਾਲਾਂ ਦੇ ਸੁਧਾਰ ਦਾ ਕੰਮ ਕੀਤਾ ਜਾਣਾ ਸੀ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਬਾਵਜੂਦ ਅਸੀਂ ਸਿਰਫ਼ ਦੋ ਸਾਲਾਂ ਵਿੱਚ ਆਪਣੇ ਲਗਭਗ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ। ਸਾਡੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਬਹੁਤ ਸਾਰਾ ਸਰਕਾਰੀ ਪੈਸਾ ਬਚ ਰਿਹਾ ਹੈ। ਉਸ ਪੈਸੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ। ਅੱਜ ਪੰਜਾਬ ਦੇ 83 ਫ਼ੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ ‘ਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਅਐਮਿਨੈਂਸ ਵਿੱਚ ਤਬਦੀਲ ਕਰ ਰਹੇ ਹਾਂ। ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀ ਰਾਜਾਂ ਵਾਲੀਆਂ ਰਾਜ ਸਰਕਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ। ਹੁਣ ਉਨ੍ਹਾਂ ਨੇ ਤਾਨਾਸ਼ਾਹੀ ਅਤੇ ਗੁੰਡਾਗਰਦੀ ਦਾ ਖੁੱਲ੍ਹ ਕੇ ਸਹਾਰਾ ਲਿਆ ਹੈ। ਉਹ ਹੁਣ ਲੋਕਾਂ ਨੂੰ ਧਮਕੀ ਦਿੰਦੇ ਹਨ ਕਿ ਜਾਂ ਤਾਂ ਸਾਨੂੰ ਜਿਤਾਓ ਜਾਂ ਅਸੀਂ ਸੂਬੇ ਦੇ ਕੰਮ ਨਹੀਂ ਹੋਣ ਦੇਵਾਂਗੇ। ਜਿਸ ਰਾਜ ਵਿਚ ਉਹ ਹਾਰਦੇ ਹਨ, ਉਹ ਰਾਜਪਾਲ ਰਾਹੀਂ ਰਾਜ ਸਰਕਾਰ ਨੂੰ ਤੰਗ ਕਰਦੇ ਹਨ। ਪੰਜਾਬ ਦੇ ਰਾਜਪਾਲ ਨੇ ਵੀ ਸਾਡੀ ਸਰਕਾਰ ਦੇ ਕਈ ਅਹਿਮ ਬਿੱਲਾਂ ਨੂੰ ਰੋਕ ਦਿੱਤਾ ਹੈ।

ਕੇਜਰੀਵਾਲ ਨੇ ਕਿਹਾ ਕਿ ਅੱਜ ਭਾਜਪਾ ਦੀ ਤਾਨਾਸ਼ਾਹੀ ਕਾਰਨ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿੱਚ ਹੈ। ਜੇਕਰ ਅਸੀਂ ਇਸ ਵਾਰ ਨਰਿੰਦਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਅਤੇ ਸੰਵਿਧਾਨ ਨਹੀਂ ਬਚੇਗਾ। ਫਿਰ ਦੇਸ਼ ਪਾਕਿਸਤਾਨ, ਬੰਗਲਾਦੇਸ਼ ਅਤੇ ਰੂਸ ਵਰਗਾ ਹੋਵੇਗਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਚੋਣਾਂ ਦੌਰਾਨ ਇਮਰਾਨ ਖਾਨ ਨੂੰ ਜੇਲ੍ਹ ‘ਚ ਪਾ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਸੀਟਾਂ ਘੱਟ ਗਈਆਂ। ਬੰਗਲਾਦੇਸ਼ ਵਿੱਚ ਵੀ ਸ਼ੇਖ ਹਸੀਨਾ ਨੇ ਚੋਣਾਂ ਸਮੇਂ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਿਸ ਕਾਰਨ ਉਹ ਮੁੜ ਪ੍ਰਧਾਨ ਮੰਤਰੀ ਬਣ ਗਈ। ਇਸੇ ਤਰ੍ਹਾਂ ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿਚ ਡੱਕਿਆ ਅਤੇ ਕੁਝ ਨੂੰ ਮਾਰ ਦਿੱਤਾ, ਫਿਰ ਚੋਣਾਂ ਕਰਵਾਈਆਂ ਅਤੇ 87 ਪ੍ਰਤੀਸ਼ਤ ਵੋਟਾਂ ਨਾਲ ਰਾਸ਼ਟਰਪਤੀ ਬਣ ਗਏ।

- Advertisement -

ਅੱਜ ਭਾਰਤ ਵਿੱਚ ਵੀ ਇਹੋ ਜਿਹੀ ਸਥਿਤੀ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਰੂਸ ਵਾਂਗ ਇਹ ਚੋਣ ਵੀ ਹੋ ਰਹੀ ਹੈ। ਚੋਣਾਂ ਤੋਂ ਪਹਿਲਾਂ ਮੈਨੂੰ ਅਤੇ ਮੇਰੀ ਪਾਰਟੀ ਦੇ ਤਿੰਨ ਵੱਡੇ ਨੇਤਾ ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਉਨ੍ਹਾਂ (ਭਾਜਪਾ) ਨੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਐਨਸੀਪੀ ਨੂੰ ਤੋੜ ਦਿੱਤਾ। ਜਦੋਂ ਕਿ ਝਾਰਖੰਡ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਜੇਲ੍ਹ ‘ਚ ਪਾ ਕੇ ਮੋਦੀ ਕਹਿੰਦੇ ਹਨ ਆ ਕੇ ਚੋਣ ਲੜੋ। ਤੁਸੀਂ ਦੱਸੋ, ਕੀ ਇਹ ਲੋਕਤੰਤਰੀ ਦੇਸ਼ ਵਿੱਚ ਚੋਣਾਂ ਲੜਨ ਦਾ ਤਰੀਕਾ ਹੈ? ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕ ਅਜਿਹਾ ਭਾਰਤ ਬਣਾਉਣਾ ਚਾਹੁੰਦੇ ਹਨ, ਜਿਸ ਵਿਚ ਇਕ ਹੀ ਪਾਰਟੀ ਅਤੇ ਇਕ ਹੀ ਨੇਤਾ ਹੋਵੇ।

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਹੰਕਾਰ ਐਨਾ ਵੱਧ ਗਿਆ ਹੈ ਕਿ ਭਗਵਾਨ ਜਗਨ ਨਾਥ ਜਿਨ੍ਹਾਂ ਨੂੰ ਜਗਤ ਦਾ ਨਾਥ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਉਹ ਐਨੇ ਹੰਕਾਰੀ ਹੋ ਗਏ ਹਨ ਕਿ ਲੋਕ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ। ਕੁਝ ਦਿਨ ਪਹਿਲਾਂ ਹੀ ਮੋਦੀ ਜੀ ਆਪਣੇ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਮੈਨੂੰ ਪਰਮੇਸ਼ਵਰ ਦੁਆਰਾ ਧਰਤੀ ‘ਤੇ ਸਿੱਧਾ ਭੇਜਿਆ ਗਿਆ ਹੈ। ਮੈਂ ਰੱਬ ਦਾ ਅਵਤਾਰ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕੁਝ ਹੀ ਦਿਨਾਂ ‘ਚ ਮੰਦਰਾਂ ‘ਚੋਂ ਭਗਵਾਨ ਦੀ ਮੂਰਤੀ ਹਟਾ ਕੇ ਮੋਦੀ ਜੀ ਦੀ ਮੂਰਤੀ ਸਥਾਪਿਤ ਕਰ ਦੇਣਗੇ। ਇਹ ਕਹਿੰਦੇ ਹਨ ਕਿ ਮੋਦੀ ਜੀ ਭਗਵਾਨ ਰਾਮ ਨੂੰ ਲੈ ਕੇ ਆਏ ਹਨ। ਜਦੋਂ ਕਿ ਇਸ ਬ੍ਰਹਿਮੰਡ ਦੀ ਰਚਨਾ ਭਗਵਾਨ ਰਾਮ ਨੇ ਕੀਤੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਸਾਨੂੰ 400 ਸੀਟਾਂ ਚਾਹੀਦੀਆਂ ਹਨ। ਮੋਦੀ ਜੀ ਕੋਈ ਵੱਡਾ ਕੰਮ ਕਰਨਾ ਚਾਹੁੰਦੇ ਹਨ। ਜਦੋਂ ਸਾਨੂੰ ਇਸ ਕਾਰਨ ਦਾ ਪਤਾ ਲੱਗਿਆ ਤਾਂ ਸਾਹਮਣੇ ਆਇਆ ਕਿ ਉਹ ਪੱਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ। ਪਰ ਮੈਂ ਉਨ੍ਹਾਂ ਨਾਲ ਲੜ ਰਿਹਾ ਹਾਂ, ਸੰਘਰਸ਼ ਕਰ ਰਿਹਾ ਹਾਂ। ਅਸੀਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਰਾਖਵਾਂਕਰਨ ਖ਼ਤਮ ਨਹੀਂ ਕਰਨ ਦੇਵਾਂਗੇ।

ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਮੁੱਦਿਆਂ ‘ਤੇ ਗੱਲ ਨਹੀਂ ਕਰਦੇ। ਉਹ ਕੰਮ ਦੀ ਗੱਲ ਕਰਨ ਦੀ ਬਜਾਏ ਮੰਗਲ-ਸੂਤਰ ਅਤੇ ਮੱਝ ਦੇ ਨਾਂ ‘ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ।

ਕੇਜਰੀਵਾਲ ਨੇ ਪੰਜਾਬ ਸਰਕਾਰ ‘ਤੇ ਅਮਿਤ ਸ਼ਾਹ ਦੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਡੇਗਣ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਉਨ੍ਹਾਂ ਦਾ ਸਪੱਸ਼ਟ ਮਤਲਬ ਇਹ ਸੀ ਕਿ 4 ਜੂਨ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਕੇ ਜਾਂ ਤੋੜ ਕੇ ਪੰਜਾਬ ਸਰਕਾਰ ਨੂੰ ਡੇਗ ਦੇਵਾਂਗੇ। ਉਨ੍ਹਾਂ ਅਮਿਤ ਸ਼ਾਹ ਨੂੰ ਕਿਹਾ ਕਿ ਪੰਜਾਬੀਆਂ ਦਾ ਦਿਲ ਵੱਡਾ ਹੈ, ਤੁਸੀਂ ਇਨ੍ਹਾਂ ਤੋਂ ਪਿਆਰ ਨਾਲ ਕੁਝ ਵੀ ਮੰਗੋਗੇ, ਪੰਜਾਬੀ ਦੇ ਦੇਣਗੇ, ਪਰ ਅਮਿਤ ਸ਼ਾਹ ਜੀ ਤੁਸੀ ਪੰਜਾਬੀਆਂ ਨੂੰ ਧਮਕੀਆਂ ਨਾ ਦਿਓ। ਜੇਕਰ ਇਹ ਆਪਣੀ ਆਈ ‘ਤੇ ਆ ਗਏ ਤਾਂ ਇਨ੍ਹਾਂ ਨੇ ਤੁਹਾਨੂੰ ਪੰਜਾਬ ਵਿਚ ਵੀ ਵੜਨ ਨਹੀਂ ਦੇਣਾ।

‘ਆਪ’ਉਮੀਦਵਾਰ ਕੁਲਦੀਪ ਧਾਲੀਵਾਲ ਦੀ ਤਾਰੀਫ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਧਾਲੀਵਾਲ ਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉਸ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਥੇ ਪ੍ਰਚਾਰ ਕਰਨ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਧਾਲੀਵਾਲ ਤੁਹਾਡੀ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਮੈਨੂੰ ਉਮੀਦ ਹੈ ਕਿ ਉਹ ਸੰਸਦ ‘ਚ ਪਹੁੰਚ ਕੇ ਤੁਹਾਡੇ ਸਾਰੇ ਮੁੱਦਿਆਂ ਦਾ ਹੱਲ ਕਰਵਾ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿਛਲੇ ਸੰਸਦ ਮੈਂਬਰਾਂ ਨੇ ਕਦੇ ਵੀ ਸੰਸਦ ਵਿੱਚ ਪੰਜਾਬ ਲਈ ਆਵਾਜ਼ ਨਹੀਂ ਉਠਾਈ। ਇਸ ਲਈ ਇਸ ਵਾਰ ਉਨ੍ਹਾਂ ਨੂੰ ਮੌਕਾ ਨਾ ਦਿਓ। ਇਸ ਵਾਰ ਸਾਰੀਆਂ 13 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਬਣਾਓ। ਸਾਡੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੇ ਹੱਕਾਂ ਲਈ ਡਟ ਕੇ ਲੜਨਗੇ।

Share this Article
Leave a comment