ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ’ਤੇ ਐਤਵਾਰ ਸਵੇਰੇ ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਲਗਭਗ 18 ਘੰਟੇ ਲੇਟ ਹੋ ਗਈ। ਲੰਬੀ ਦੇਰੀ ਕਾਰਨ ਯਾਤਰੀਆਂ ਦਾ ਗੁੱਸਾ ਵਧ ਗਿਆ ਅਤੇ ਕਈ ਲੋਕ ਟਿਕਟ ਕਾਊਂਟਰ ’ਤੇ ਏਅਰਲਾਈਨ ਮੁਲਾਜ਼ਮਾਂ ਨਾਲ ਬਹਿਸ ਕਰਦੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਇਸ ਦੇਰੀ ਕਾਰਨ ਲਗਭਗ 300 ਯਾਤਰੀ ਪ੍ਰਭਾਵਿਤ ਹੋਏ।
ਇਸ ਦੌਰਾਨ ਇੱਕ ਮਹਿਲਾ ਯਾਤਰੀ ਨੇ ਏਅਰਲਾਈਨ ਮੁਲਾਜ਼ਮ ਕੋਲ ਆਪਣੀ ਸਮੱਸਿਆ ਰੱਖਦਿਆਂ ਕਿਹਾ ਕਿ ਉਸ ਦਾ ਬੱਚਾ ਮਦਰ ਫੀਡ ’ਤੇ ਹੈ ਅਤੇ ਉਸ ਨੂੰ ਬੱਚੇ ਨੂੰ ਦੁੱਧ ਪਿਲਾਉਣਾ ਹੈ। ਉਸ ਨੇ ਪੁੱਛਿਆ ਕਿ ਜੇ ਉਸ ਨੂੰ ਬਾਹਰ ਬੈਠਣਾ ਪਵੇ ਤਾਂ ਉਹ ਬੱਚੇ ਨੂੰ ਕਿੱਥੇ ਦੁੱਧ ਪਿਲਾਏ।
ਕਈ ਯਾਤਰੀ ਆਪਣੇ ਛੋਟੇ ਬੱਚਿਆਂ ਨਾਲ ਏਅਰਪੋਰਟ ’ਤੇ ਉਡੀਕ ਕਰਦੇ ਰਹੇ। ਲੰਬੇ ਇੰਤਜ਼ਾਰ ਅਤੇ ਸਪੱਸ਼ਟ ਜਾਣਕਾਰੀ ਨਾ ਮਿਲਣ ਕਾਰਨ ਕੁਝ ਯਾਤਰੀਆਂ ਨੇ ਸਪਾਈਸਜੈੱਟ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਫਲਾਈਟ ਦਾ ਸਮਾਂ ਵਾਰ-ਵਾਰ ਬਦਲਿਆ
ਯਾਤਰੀਆਂ ਮੁਤਾਬਕ ਫਲਾਈਟ ਦਾ ਨਿਰਧਾਰਤ ਸਮਾਂ ਸਵੇਰੇ 8:40 ਵਜੇ ਸੀ, ਪਰ ਇਹ ਉਡਾਣ ਨਹੀਂ ਭਰ ਸਕੀ। ਇਸ ਤੋਂ ਬਾਅਦ ਸਮਾਂ ਵਧਾ ਕੇ 11 ਵਜੇ ਕੀਤਾ ਗਿਆ ਅਤੇ ਬਾਅਦ ਵਿੱਚ ਕਾਊਂਟਰ ’ਤੇ ਯਾਤਰੀਆਂ ਨੂੰ ਦੱਸਿਆ ਗਿਆ ਕਿ ਫਲਾਈਟ ਰਾਤ ਕਰੀਬ ਢਾਈ ਵਜੇ ਰਵਾਨਾ ਹੋ ਸਕਦੀ ਹੈ। ਹਾਲਾਂਕਿ, ਇਸ ਸਮੇਂ ਦੀ ਵੀ ਪੱਕੀ ਪੁਸ਼ਟੀ ਨਹੀਂ ਕੀਤੀ ਗਈ।
ਫਗਵਾੜਾ ਤੋਂ ਅੰਮ੍ਰਿਤਸਰ ਪਹੁੰਚੇ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਦੁਬਈ ਵਿੱਚ ਸਕੂਲ ਬੱਸ ਚਲਾਉਣ ਦੀ ਨੌਕਰੀ ਲਈ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਉਸੇ ਦਿਨ ਡਿਊਟੀ ਜੁਆਇਨ ਕਰਨੀ ਸੀ। ਫਲਾਈਟ ਦੀ ਲਗਾਤਾਰ ਦੇਰੀ ਕਾਰਨ ਉਨ੍ਹਾਂ ਨੂੰ ਆਪਣੀ ਨੌਕਰੀ ਖੁੱਸਣ ਦਾ ਡਰ ਹੈ। ਉਨ੍ਹਾਂ ਮੁਤਾਬਕ ਉਹ ਲਗਭਗ 200 ਤੋਂ 250 ਕਿਲੋਮੀਟਰ ਦੂਰ ਤੋਂ ਏਅਰਪੋਰਟ ਪਹੁੰਚੇ ਸਨ।
ਹੋਟਲ, ਰਿਫੰਡ ਤੇ ਵਿਕਲਪਕ ਟਿਕਟ ਦੀ ਮੰਗ
ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਪਾਈਸਜੈੱਟ ਕੋਲ ਰਹਿਣ ਲਈ ਹੋਟਲ ਜਾਂ ਕਮਰੇ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ, ਪਰ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਕੁਝ ਯਾਤਰੀਆਂ ਦੇ ਰਿਸ਼ਤੇਦਾਰ ਵੀ ਏਅਰਪੋਰਟ ’ਤੇ ਉਡੀਕ ਕਰ ਰਹੇ ਹਨ।
ਯਾਤਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਫਲਾਈਟ ਦੀ ਦੇਰੀ ਦਾ ਸਪੱਸ਼ਟ ਕਾਰਨ, ਰਿਫੰਡ ਜਾਂ ਵਿਕਲਪਕ ਟਿਕਟ ਬਾਰੇ ਢੁਕਵੀਂ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ DGCA ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਰਿਫੰਡ ਜਾਂ ਵਿਕਲਪਕ ਯਾਤਰਾ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ।
ਯਾਤਰੀਆਂ ਨੇ ਏਅਰਲਾਈਨ ਤੋਂ ਫਲਾਈਟ ਲੇਟ ਹੋਣ ਦਾ ਸਪੱਸ਼ਟ ਕਾਰਨ ਦੱਸਣ ਦੇ ਨਾਲ-ਨਾਲ ਰਿਫੰਡ, ਵਿਕਲਪਕ ਟਿਕਟ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

