ਮੈਡ੍ਰਿਡ : ਸਪੇਨ ਦੀ ਸਮਾਨਤਾ ਮੰਤਰੀ ਆਇਰੀਨ ਮੌਂਟੇਰੋ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਤੇ ਉਪ ਪ੍ਰਧਾਨ ਮੰਤਰੀ ਅਤੇ ਰਾਜਨੀਤਿਕ ਦਲ ਪੋਡੇਮੋਸ ਦੇ ਨੇਤਾ ਪੈਬਲੋ ਇਗਲੇਸੀਆਸ ਦੇ ਨਾਲ ਅਲੱਗ ਤੋਂ ਰੱਖਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਇੱਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ਮੰਤਰੀ ਆਇਰੀਨ ਮੌਂਟੇਰੋ ਦੀ ਹਾਲਤ ਹੁਣ ਠੀਕ ਹੈ ਤੇ ਇਸ ਸਥਿਤੀ ਨੂੰ ਦੇਖਦੇ ਹੋਏ ਦੂਸਰੇ ਉਪ ਪ੍ਰਧਾਨ ਮੰਤਰੀ ਪੈਬਲੋ ਇਗਲੇਸੀਆਸ ਨੂੰ ਵੀ ਬਾਕੀਆਂ ਤੋਂ ਅਲੱਗ ਰੱਖਿਆ ਗਿਆ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਅੱਜ ਸਵੇਰੇ ਸਰਕਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕੀਤੀ ਜਾਵੇਗੀ ਤੇ ਜਾਂਚ ਦੇ ਨਤੀਜੇ ਦਿਨ ‘ਚ ਪ੍ਰਕਾਸ਼ਤ ਕੀਤੇ ਜਾਣਗੇ। ਮੰਤਰੀ ਮੰਡਲ ਵੱਲੋਂ ਇਹ ਐਲਾਨ ਕੋਰੋਨਾ ਵਾਇਰਸ ਸੰਕਟ ‘ਤੇ ਐਮਰਜੈਂਸੀ ਯੋਜਨਾ’ ਤੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਤੋਂ ਸਿਰਫ 2 ਘੰਟੇ ਪਹਿਲਾਂ ਕੀਤਾ ਗਿਆ ਸੀ।
ਸਪੇਨ ਦੇ ਸਿਹਤ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 48 ਤੋਂ ਵੱਧ ਕੇ 84 ਹੋ ਗਈ ਹੈ ਤੇ ਲਗਭਗ 3000 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।
ਤਾਜਾ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਹੁਣ ਤੱਕ 121 ਦੇਸ਼ਾਂ ‘ਚ ਫੈਲ ਚੁੱਕਾ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4900 ਤੱਕ ਪਹੁੰਚ ਗਈ ਹੈ ਤੇ 1,22,331 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।