ਵਾਸ਼ਿੰਗਟਨ: ਅਮਰੀਕਾ ਦੇ ਸਾਊਥ ਕੈਰੋਲੀਨਾ ‘ਚ 67 ਸਾਲਾ ਬ੍ਰੈਡ ਸਿਗਮੋਨ ਨਾਮ ਦੇ ਕੈਦੀ ਨੂੰ ਫਾਇਰਿੰਗ ਸਕੁਆਡ ਰਾਹੀਂ ਮੌਤ ਦੀ ਸਜ਼ਾ ਦਿੱਤੀ ਗਈ। ਇਹ ਪਿਛਲੇ 15 ਸਾਲਾਂ ਵਿੱਚ ਪਹਿਲਾ ਮਾਮਲਾ ਹੈ, ਜਦੋਂ ਕਿਸੇ ਕੈਦੀ ਦੀ ਜ਼ਿੰਦਗੀ ਖਤਮ ਕਰਨ ਲਈ ਫਾਇਰਿੰਗ ਸਕੁਆਡ ਦੀ ਵਰਤੋਂ ਕੀਤੀ ਗਈ।
ਸ਼ੁੱਕਰਵਾਰ ਸ਼ਾਮ ਲਗਭਗ 6 ਵਜੇ, ਤਿੰਨ ਮੈਂਬਰੀ ਟੀਮ ਨੇ ਬ੍ਰੈਡ ਸਿਗਮੋਨ ਦੇ ਸੀਨੇ ‘ਚ ਗੋਲੀਆਂ ਮਾਰੀਆਂ, ਜਿਸ ਕਾਰਨ ਉਹ ਕੁਝ ਸਕਿੰਟਾਂ ਵਿੱਚ ਹੀ ਮਰ ਗਿਆ। ਅਮਰੀਕਾ ‘ਚ ਇਹ ਤਰੀਕਾ ਦੁਨੀਆ ਭਰ ‘ਚ ਚਰਚਾ ਦਾ ਕੇਂਦਰ ਬਣ ਗਿਆ ਹੈ।
ਬ੍ਰੈਡ ਸਿਗਮੋਨ 2001 ਤੋਂ ਜੇਲ੍ਹ ‘ਚ ਬੰਦ ਸੀ। ਉਹ ਆਪਣੀ ਪੁਰਾਣੀ ਪ੍ਰੇਮਿਕਾ ਦੇ ਮਾਤਾ-ਪਿਤਾ, ਡੇਵਿਡ ਅਤੇ ਗਲੇਡਿਸ ਲਾਰਕ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਨੂੰ ਉਸ ਨੇ ਬੇਸਬਾਲ ਦੇ ਬੱਲੇ ਨਾਲ ਮੌਤ ਦੇ ਘਾਟ ਉਤਾਰਿਆ ਸੀ।
ਉਹ ਆਪਣੀ ਸਾਬਕਾ ਪ੍ਰੇਮਿਕਾ ਨੂੰ ਵੀ ਮਾਰਨਾ ਚਾਹੁੰਦਾ ਸੀ। ਉਸ ਨੇ ਪਹਿਲਾਂ ਉਸ ਨੂੰ ਅਗਵਾ ਕੀਤਾ ਅਤੇ ਫਿਰ ਗੋਲੀ ਚਲਾਈ, ਪਰ ਉਹ ਕਿਸੇ ਤਰੀਕੇ ਨਾਲ ਜਾਨ ਬਚਾ ਕੇ ਭੱਜ ਗਈ। ਕੋਰਟ ਨੇ ਇਸ ਗੰਭੀਰ ਮਾਮਲੇ ‘ਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ।
ਸਿਗਮੋਨ ਨੇ ਖੁਦ ਚੁਣਿਆ ਆਪਣੀ ਮੌਤ ਦਾ ਤਰੀਕਾ
ਸਾਊਥ ਕੈਰੋਲੀਨਾ ‘ਚ ਮੌਤ ਦੀ ਸਜ਼ਾ ਦੇਣ ਲਈ ਤਿੰਨ ਤਰੀਕੇ ਹਨ, ਜਿਸ ‘ਚ ਫਾਇਰਿੰਗ ਸਕੁਆਡ (ਗੋਲੀਆਂ ਮਾਰ ਕੇ), ਇਲੈਕਟ੍ਰਿਕ ਚੇਅਰ (ਕਰੰਟ ਦੇ ਕੇ) ਤੇ ਜ਼ਹਿਰੀਲੇ ਇੰਜੈਕਸ਼ਨ ਰਾਹੀਂ ਵੀ ਸ਼ਾਮਲ ਹੈ।
ਸਿਗਮੋਨ ਨੇ ਆਪਣੇ ਲਈ “ਫਾਇਰਿੰਗ ਸਕੁਆਡ” ਰਾਹੀਂ ਮੌਤ ਦਾ ਫੈਸਲਾ ਲਿਆ। 1977 ਤੋਂ ਲੈ ਕੇ ਹੁਣ ਤੱਕ, ਅਮਰੀਕਾ ‘ਚ ਸਿਰਫ਼ 3 ਲੋਕਾਂ ਨੂੰ ਇਹ ਤਰੀਕਾ ਵਰਤ ਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ। ਆਖਰੀ ਵਾਰ 2010 ‘ਚ ਜੂਰਨੀ ਲੀ ਗਾਰਡਨਰ ਨੂੰ ਗੋਲੀਆਂ ਮਾਰੀਆਂ ਗਈਆਂ ਸਨ।
ਸਿਗਮੋਨ ਨੇ ਆਪਣੇ ਮੌਤ ਦੇ ਫ਼ੈਸਲੇ ‘ਤੇ ਰੋਕ ਲਗਵਾਉਣ ਲਈ ਅਮਰੀਕੀ ਸੁਪਰੀਮ ਕੋਰਟ ‘ਚ ਅਪੀਲ ਕੀਤੀ, ਪਰ ਉਨ੍ਹਾਂ ਨੇ ਇਹ ਅਪੀਲ ਖਾਰਜ ਕਰ ਦਿੱਤੀ। ਸਾਊਥ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਨੇ ਵੀ ਉਸ ਦੀ ਅਰਜ਼ੀ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ।
ਕਿਵੇਂ ਦਿੱਤੀ ਜਾਂਦੀ ਹੈ “ਫਾਇਰਿੰਗ ਸਕੁਆਡ” ਰਾਹੀਂ ਮੌਤ?
ਫਾਇਰਿੰਗ ਸਕੁਆਡ ਰਾਹੀਂ ਮੌਤ ਦੀ ਸਜ਼ਾ ਦਿੰਦੇ ਸਮੇਂ, ਕੈਦੀ ਨੂੰ ਇੱਕ ਕੁਰਸੀ ‘ਤੇ ਬਿਠਾ ਕੇ ਉਸ ਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ ਜਾਂਦੇ ਹਨ। ਫਿਰ ਤਿੰਨ ਵਿਅਕਤੀਆਂ ਦੀ ਟੀਮ 15 ਫੁੱਟ ਦੀ ਦੂਰੀ ਤੋਂ ਕੈਦੀ ਦੇ ਦਿਲ ਉੱਤੇ ਗੋਲੀਆਂ ਮਾਰਦੀ ਹੈ। ਇਸ ਤਰੀਕੇ ਨਾਲ, ਕੁਝ ਸਕਿੰਟਾਂ ਵਿੱਚ ਹੀ ਕੈਦੀ ਦੀ ਮੌਤ ਹੋ ਜਾਂਦੀ ਹੈ।
ਅਮਰੀਕਾ ਦੇ ਸਿਰਫ ਕੁਝ ਹੀ ਸੂਬਿਆਂ ‘ਚ “ਫਾਇਰਿੰਗ ਸਕੁਆਡ” ਰਾਹੀਂ ਮੌਤ ਦੀ ਸਜ਼ਾ ਲਾਗੂ ਹੈ। ਇਹ ਤਰੀਕਾ ਕਈ ਬਾਰ ਵਿਵਾਦਾਂ ‘ਚ ਰਿਹਾ ਹੈ, ਪਰ ਕਈ ਕੈਦੀ ਆਪ ਇਸ ਤਰੀਕੇ ਨੂੰ ਚੁਣਦੇ ਹਨ।