ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਜਾਣਕਾਰੀ ਮੁਤਾਬਕ ਆਰਟੀ-ਪੀਸੀਆਰ ਟੈਸਟ ਵਿੱਚ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਹਾਲਾਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਸੌਰਵ ਗਾਂਗੁਲੀ ਦੇ ਕੋਰੋਨਾ ਸੈਂਪਲ ਨੂੰ ਓਮੀਕਰੋਨ ਵੇਰੀਐਂਟ ਦੀ ਜਾਂਚ ਲਈ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ।
ਜਨਵਰੀ 2021 ਵਿੱਚ, ਛਾਤੀ ਵਿੱਚ ਦਰਦ ਤੋਂ ਬਾਅਦ ਉਸਨੂੰ ਐਂਜੀਓਪਲਾਸਟੀ ਕਰਵਾਉਣੀ ਪਈ। ਹਸਪਤਾਲ ‘ਚ ਕੁਝ ਦਿਨ ਬਿਤਾਉਣ ਤੋਂ ਬਾਅਦ ਜਦੋਂ ਗਾਂਗੁਲੀ ਘਰ ਪਹੁੰਚੇ, ਉਦੋਂ ਵੀ ਉਹ ਡਾਕਟਰਾਂ ਦੀ ਨਿਗਰਾਨੀ ‘ਚ ਸਨ। ਕੁਝ ਦਿਨ ਪਹਿਲਾਂ ਉਹ ਵਿਰਾਟ ਕੋਹਲੀ ਨਾਲ ਹੋਏ ਵਿਵਾਦ ਕਾਰਨ ਵੀ ਸੁਰਖੀਆਂ ‘ਚ ਰਹੇ ਸਨ।
ਉਥੇ ਹੀ ਦੂਜੇ ਪਾਸੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ‘ਓਮੀਕਰੋਨ’ ਦੇ 653 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 6,358 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 3,47,99,691 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ 293 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,80,290 ਹੋ ਗਈ ਹੈ।