ਨਵੀ ਦਿੱਲੀ : ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਈਰਾਨ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਮੌਤ ‘ਤੇ ਭਾਰਤ ਸਰਕਾਰ ਦੀ ਚੁੱਪੀ ਨੂੰ ਲੈ ਕੇ ਸਵਾਲ ਚੁੱਕੇ ਹਨ। ਸੋਨੀਆ ਗਾਂਧੀ ਨੇ ਕਿਹਾ ਕਿ ਇਹ ਚੁੱਪੀ ਨਿਰਪੱਖਤਾ ਨਹੀਂ ਸਗੋਂ ਜ਼ਿੰਮੇਵਾਰੀ ਤੋਂ ਭੱਜਣਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ ਅਤੇ ਭਰੋਸੇਯੋਗਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ‘ਦਿ ਇੰਡੀਅਨ ਐਕਸਪ੍ਰੈਸ’ ਵਿੱਚ ਪ੍ਰਕਾਸ਼ਿਤ ਆਪਣੇ ਇੱਕ ਲੇਖ ਵਿੱਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਸੋਨੀਆ ਗਾਂਧੀ ਨੇ ਕਿਹਾ ਕਿ 1 ਮਾਰਚ ਨੂੰ ਈਰਾਨ ਨੇ ਪੁਸ਼ਟੀ ਕੀਤੀ ਕਿ ਉਸਦੇ ਸਰਵਉੱਚ ਨੇਤਾ ਦੀ ਅਮਰੀਕਾ – ਇਜ਼ਰਾਈਲ ਦੁਆਰਾ ਕੀਤੇ ਗਏ ਨਿਸ਼ਾਨਾਬੱਧ ਹਮਲਿਆਂ ਵਿੱਚ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਵਰਤਮਾਨ ਵਿੱਚ ਜਾਰੀ ਕੂਟਨੀਤਕ ਚਰਚਾ ਦੇ ਵਿਚਕਾਰ ਕਿਸੇ ਮੌਜੂਦਾ ਰਾਸ਼ਟਰਪਤੀ ਜਾਂ ਸ਼ਾਸਨ ਪ੍ਰਮੁੱਖ ਦੀ ਹੱਤਿਆ ਸਮਕਾਲੀ ਅੰਤਰਰਾਸ਼ਟਰੀ ਸਬੰਧਾਂ ਵਿੱਚ ਇੱਕ ਗੰਭੀਰ ਟੁੱਟ ਦੱਸੀ।
ਨਾਲ ਹੀ ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਨਾ ਤਾਂ ਇਸ ਕਤਲ ਦੀ ਨਿੰਦਾ ਕੀਤੀ ਅਤੇ ਨਾ ਹੀ ਈਰਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਦਾ ਕੋਈ ਸਪੱਸ਼ਟ ਜਵਾਬ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਵਿੱਚ ਅਮਰੀਕਾ-ਇਜ਼ਰਾਈਲੀ ਹਮਲਿਆਂ ਦਾ ਜ਼ਿਕਰ ਕੀਤੇ ਬਿਨਾਂ ਯੂਏਈ ‘ਤੇ ਈਰਾਨ ਦੇ ਜਵਾਬੀ ਹਮਲਿਆਂ ਦੀ ਆਲੋਚਨਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂਆਤੀ ਬਿਆਨ ਵਿੱਚ ਅਮਰੀਕਾ-ਇਜ਼ਰਾਈਲ ਦੇ ਵੱਡੇ ਹਮਲੇ ਦੀ ਅਣਦੇਖੀ ਕਰਦੇ ਹੋਏ ਸਿਰਫ਼ ਯੂ.ਏ.ਈ. (UAE) ‘ਤੇ ਈਰਾਨ ਦੀ ਜਵਾਬੀ ਕਾਰਵਾਈ ਦੀ ਨਿੰਦਾ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ‘ਡੂੰਘੀ ਚਿੰਤਾ’ ਅਤੇ ‘ਸੰਵਾਦ ਤੇ ਕੂਟਨੀਤੀ’ ਦੀ ਗੱਲ ਕਹੀ, ਜਦਕਿ ਹਮਲਾ ਉਸੇ ਸਮੇਂ ਹੋਇਆ ਜਦੋਂ ਕੂਟਨੀਤਕ ਪ੍ਰਕਿਰਿਆ ਜਾਰੀ ਸੀ।
ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੰਗ ਦੇ ਰਸਮੀ ਐਲਾਨ ਤੋਂ ਬਿਨਾਂ ਅਤੇ ਕੂਟਨੀਤਕ ਕਾਰਵਾਈ ਦੌਰਾਨ ਕਿਸੇ ਰਾਜ ਦੇ ਮੁਖੀ ਦੀ ਹੱਤਿਆ ਸੰਯੁਕਤ ਰਾਸ਼ਟਰ ਚਾਰਟਰ ਦੇ ਆਰਟੀਕਲ 2(4) ਦੀ ਭਾਵਨਾ ਦੇ ਉਲਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੱਤਿਆ ਤੋਂ 48 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਇਜ਼ਰਾਈਲ ਦੀ ਯਾਤਰਾ ਤੋਂ ਵਾਪਸ ਆਏ ਸਨ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਲਈ ਆਪਣਾ ਸਮਰਥਨ ਦੁਹਰਾਇਆ। ਸੋਨੀਆ ਗਾਂਧੀ ਦੇ ਅਨੁਸਾਰ ਭਾਰਤ ਦਾ ਰੁਖ਼ ਚਿੰਤਾਜਨਕ ਹੈ।

