ਨਸ਼ਾ ਮੁਕਤੀ ਮੋਰਚਾ— ਸਮਾਜਿਕ ਮੁਹਿੰਮ

Global Team
4 Min Read

ਜਗਤਾਰ ਸਿੰਘ ਸਿੱਧੂ;

ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਵਲੋਂ ਜਿੱਥੇ ਪਹਿਲਾਂ ਨਸ਼ਿਆਂ ਵਿਰੁੱਧ ਜੰਗ ਪ੍ਰਸ਼ਾਸਕੀ ਪੱਧਰ ਉੱਤੇ ਲੜੀ ਜਾ ਰਹੀ ਹੈ ਉੱਥੇ ਹੁਣ ਇਸ ਲੜਾਈ ਲਈ ਸਮਾਜਿਕ ਪੱਧਰ ‘ਤੇ ਲਹਿਰ ਖੜ੍ਹੀ ਕਰਨ ਦਾ ਵੱਡਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚ ਕਰਕੇ ਸਮੁੱਚੇ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੰਤਵ ਲਈ ਨਸ਼ਾ ਮੁਕਤੀ ਮੋਰਚਾ ਕਮੇਟੀ ਬਣਾਈ ਗਈ ਹੈ ਅਤੇ ਪੰਜਾਬ ਨੂੰ ਮੁਹਿੰਮ ਚਲਾਉਣ ਲਈ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਮਾਲਵਾ, ਮਾਝਾ ਅਤੇ ਦੁਆਬਾ ਨੂੰ ਜ਼ੋਨਾਂ ਵਿੱਚ ਵੰਡਕੇ ਜਿੰਮੇਵਾਰੀ ਦਿੱਤੀ ਗਈ ਹੈ। ਕਮੇਟੀ ਦੀ ਗੰਭੀਰਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੂੰ ਮੁਹਿੰਮ ਵਾਲੀ ਕਮੇਟੀ ਦਾ ਮੁਖ ਬੁਲਾਰਾ ਲਾਇਆ ਗਿਆ ਹੈ। ਬੇਸ਼ੱਕ ਪੰਜਾਬ ਦੀਆਂ ਵੱਖ ਵੱਖ ਰਾਜਸੀ ਧਿਰਾਂ ਤੋਂ ਲੈਕੇ ਕੌਮੀ ਪੱਧਰ ਤੱਕ ਪੰਜਾਬ ਵਿਚ ਨਸ਼ੇ ਦੀ ਮਾਰ ਦਾ ਅਕਸਰ ਹੀ ਜਿਕਰ ਹੁੰਦਾ ਹੈ ਪਰ ਬਹੁਤੇ ਵਾਰ ਮਾਮਲਾ ਰਾਜਸੀ ਤੋਹਮਤਾਂ ਵਿੱਚ ਹੀ ਬਦਲਦਾ ਰਿਹਾ ਹੈ। ਜੇਕਰ ਪਿਛਲੀ ਸਰਕਾਰ ਦਾ ਹੀ ਜਿਕਰ ਕਰੀਏ ਤਾਂ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਵਿੱਚ ਨਸ਼ੇ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਨਸ਼ੇ ਤਾਂ ਖਤਮ ਨਾ ਹੋਏ ਸਗੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਅਕਾਲੀ ਭਾਜਪਾ ਸਰਕਾਰ ਵੇਲੇ ਵੀ ਨਸ਼ੇ ਦੇ ਬੋਲਬਾਲੇ ਦੇ ਦੋਸ਼ ਲਗਦੇ ਰਹੇ। ਸਰਹੱਦੀ ਸੂਬੇ ਪੰਜਾਬ ਲਈ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਨੂੰ ਦ੍ਰਿੜ ਇੱਛਾ ਸ਼ਕਤੀ ਨਾਲ ਜਮੀਨੀ ਹਕੀਕਤ ਵਿੱਚ ਬਦਲਿਆ। ਇਹ ਦੋਹਾਂ ਪਹਿਲੂਆਂ ਤੋਂ ਦੇਖਣ ਦੀ ਲੋੜ ਹੈ। ਪ੍ਰਸ਼ਾਸ਼ਕੀ ਪੱਧਰ ਉੱਤੇ ਵੱਡੀ ਗਿਣਤੀ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਵੱਡੇ ਛੋਟੇ ਅਨਸਰਾਂ ਨੂੰ ਜੇਲ੍ਹ ਵਿੱਚ ਸੁਟਿਆ ਹੈ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਜਾਂ ਉਨਾਂ ਦੀਆਂ ਜਾਇਦਾਦਾਂ ਉਤੇ ਪੀਲਾ ਪੰਜਾ ਚੱਲ ਰਿਹਾ ਹੈ ।ਇਹ ਸੁਨੇਹਾ ਸਰਕਾਰ ਦੇ ਰਹੀ ਹੈ ਕਿ ਨਸ਼ੇ ਦਾ ਧੰਦਾ ਬੰਦ ਕਰ ਦਿਉ ਜਾਂ ਪੰਜਾਬ ਛੱਡ ਜਾਉ। ਸਮਾਜਿਕ ਮੁਹਿੰਮ ਦੀ ਕਾਮਯਾਬੀ ਨਾਲ ਹੀ ਪ੍ਰਸ਼ਾਸਕੀ ਯਤਨਾਂ ਦੇ ਨਤੀਜੇ ਵੀ ਸਾਹਮਣੇ ਆਉਣਗੇ। ਆਮ ਆਦਮੀ ਪਾਰਟੀ ਦਾ ਸੁਨੇਹਾ ਹੈ ਕਿ ਉਦੋਂ ਤੱਕ ਨਸ਼ਾ ਵਿਰੋਧੀ ਜੰਗ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ।

ਇਸ ਮੁਹਿੰਮ ਨਾਲ ਜਿੱਥੇ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਰਹੀ ਹੈ ਉਥੇ ਸਮਾਜ ਵਿੱਚ ਇਕ ਚੰਗਾ ਸੁਨੇਹਾ ਵੀ ਜਾ ਰਿਹਾ ਹੈ। ਪੇਂਡੂ ਖੇਤਰ ਦੀਆਂ ਰਿਪੋਰਟਾਂ ਹਨ ਜਿਸ ਵਿੱਚ ਲੋਕ ਆਖ ਰਹੇ ਹਨ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਰਕਾਰ ਪੰਜਾਬ ਦਾ ਨਸ਼ਿਆਂ ਤੋਂ ਖਹਿੜਾ ਛੁਡਾ ਦੇਵੇ। ਇਸ ਮੁਹਿੰਮ ਦੇ ਸਮਾਜ ਉਪਰ ਪੈ ਰਹੇ ਅਸਰ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪੈਣ ਦਾ ਪਤਾ ਇਥੋਂ ਲਗਦਾ ਹੈ ਕਿ ਪਿੰਡਾਂ ਵਿੱਚ ਚੋਰੀਆਂ ਆਦਿ ਨੂੰ ਵੀ ਠੱਲ੍ਹ ਪਈ ਹੈ। ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਨੂੰ ਨੇਪਰੇ ਚਾੜਨ ਲਈ ਸਮਾਂ ਲੱਗੇਗਾ ਪਰ ਸਮਾਜਿਕ ਪੱਧਰ ਤੇ ਲਾਮਬੰਦੀ ਨਾਲ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ। ਮਾਲਵੇ ਦੇ ਕਈ ਵੱਡੇ ਪਿੰਡਾਂ ਵਿੱਚ ਲੋਕਾਂ ਨੇ ਆਪਣੇ ਤੌਰ ਤੇ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਹੋਈਆਂ ਹਨ ਜਿਹੜੀਆਂ ਕਿ ਮੁਹਿੰਮ ਦਾ ਹਿੱਸਾ ਬਣ ਸਕਦੀਆਂ ਹਨ। ਸਮਾਜਿਕ ਚੇਤਨਾ ਵਾਲੇ ਵਕੀਲ, ਡਾਕਟਰ ਅਤੇ ਹੋਰ ਬੁੱਧੀਜੀਵੀ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ।ਇਸ ਮੰਤਵ ਦੀ ਪੂਰਤੀ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਸਾਰਥਿਕ ਸਿੱਟੇ ਲਿਆਏਗਾ।

ਸੰਪਰਕ: 9814002186

Share This Article
Leave a Comment