ਨਿਊਜ਼ ਡੈਸਕ : ਇਜ਼ਰਾਇਲ ਦੀ ਗਿਲਬੋਆ ਜੇਲ੍ਹ ਦੇ ਇੱਕ ਹੀ ਸੈੱਲ ਵਿੱਚ ਬੰਦ 6 ਖਤਰਨਾਕ ਕੈਦੀ ਅਚਾਨਕ ਭੱਜ ਗਏ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਾਈ ਅਲਰਟ ਜਾਰੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪੁਲਿਸ ਅਤੇ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਰੋਸ਼ ਹਸ਼ਾਨਾਹ ਛੁੱਟੀ ਦੇ ਦਿਨ ਜੇਲ੍ਹ ਤੋਂ ਭੱਜੇ ਕੈਦੀਆਂ ਵਿੱਚ ਚਾਰ ਅੱਤਵਾਦੀ ਅਤੇ 2 ਸ਼ੱਕੀ ਅੱਤਵਾਦੀ ਸ਼ਾਮਲ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 400 ਕੈਦੀਆਂ ਨੂੰ ਸ਼ਿਫਟ ਕੀਤਾ ਗਿਆ ਹੈ। ਕੈਦੀ ਜੇਲ੍ਹ ਵਿੱਚ ਬਣੀ ਸੁਰੰਗ ਰਾਹੀਂ ਭੱਜੇ ਹਨ।
ਇਹ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਇਸ ਲਈ ਹੈ, ਕਿਉਂਕਿ ਗਿਲਬੋਆ ਜੇਲ੍ਹ ਨੂੰ ਇਜ਼ਰਾਇਲ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਅਜਿਹੀ ਜਾਣਕਾਰੀ ਹੈ ਕਿ ਕੈਦੀਆਂ ਨੂੰ ਬਾਹਰ ਤੋਂ ਮਦਦ ਦਿੱਤੀ ਗਈ ਹੈ। ਸੁਰੱਖਿਆ ਅਧਿਕਾਰੀਆਂ ਨੂੰ ਅੱਤਵਾਦੀ ਹਮਲੇ ਦਾ ਡਰ ਸਤਾ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਕੈਦੀ ਆਮ ਨਾਗਰਿਕਾਂ ‘ਤੇ ਹਮਲਾ ਕਰ ਸਕਦੇ ਹਨ।
ਪੁਲਿਸ ਆਪਰੇਸ਼ਨ ਡਿਵਿਜਨ ਦੇ ਪ੍ਰਧਾਨ ਅਵੀ ਬਿੱਟਨ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸੁਰੱਖਿਆ ਅਲਰਟ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ‘ਕੈਦੀ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।’