ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਬਲਵੰਤ ਮੁਲਤਾਨੀ ਕਤਲ ਮਾਮਲੇ ‘ਚ ਕਸੂਤੇ ਘਿਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸੈਣੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਬਾਹਰ ਨੋਟਿਸ ਚਿਪਕਾ ਕੇ ਉਹਨਾਂ ਨੂੰ 23 ਸਤੰਬਰ ਨੂੰ ਸਵੇਰੇ 11.00 ਵਜੇ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ।
ਨੋਟਿਸ ਦੇ ਮੁਤਾਬਕ ਸੁਮੇਧ ਸਿੰਘ ਸੈਣੀ ਪੁੱਤਰ ਰੋਮੇਸ਼ ਚੰਦਰ ਨੂੰ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਬਲਵਿੰਦਰ ਸਿੰਘ ਮੁਲਤਾਨੀ ਪੁੱਤਰ ਲੇਟ ਡੀ.ਐਸ. ਮੁਲਤਾਨੀ ਵਾਸੀ ਜਲੰਧਰ ਦੀ ਦਰਖ਼ਾਸਤ ਤੇ 6.5.2020 ਨੂੰ ਮੁਕੱਦਮਾ ਨੰਬਰ 77 ਅਧੀਨ ਧਾਰਾ; 364, 201, 344, 330, 219 ਅਤੇ 120-ਬੀ ਤਹਿਤ ਪੁਲਿਸ ਥਾਣਾ ਮਟੌਰ ਵਿਖੇ ਦਰਜ ਹੋਇਆ ਹੈ। ਅਦਾਲਤ ਦੇ ਹੁਕਮ ਮੁਤਾਬਕ 21 ਅਗਸਤ 2020 ਨੂੰ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਨੋਟਿਸ ਮੁਤਾਬਕ ਸੈਣੀ ਨੂੰ 23 ਸਤੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।