ਚੰਡੀਗੜ੍ਹ : (ਦਰਸ਼ਨ ਸਿੰਘ ਖੋਖਰ): ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਮਨਸਾ ਦੇਵੀ ਥਾਣੇ ਵਿੱਚ ਪੰਜਾਬੀ ਐਨ.ਆਰ.ਆਈ. ਨਰੇਸ਼ ਕੌਸਲ ਦੀ ਸ਼ਿਕਾਇਤ ਉੱਤੇ ਉਨ੍ਹਾਂ ਦੀ ਭੈਣ , ਜੀਜਾ ਅਤੇ ਭਾਣਜੇ ਖਿਲਾਫ ਧੋਖਾਧੜੀ ਅਤੇ ਸਾਜਿਸ਼ ਰਚਣ ਦੇ ਤਹਿਤ ਜਾਂਚ ਪੜਤਾਲ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ ਹੈ । ਨਰੇਸ਼ ਕੌਸ਼ਲ ਦੀ ਭੈਣ, ਜੀਜਾ ਅਤੇ ਭਾਣਜੇ ਨੇ 75 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ ਸੀ।
ਨਰੇਸ਼ ਮੂਲ ਰੂਪ ਵਿੱਚ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦਾ ਜੰਮਪਲ ਹੈ ਹੁਣ ਪੱਕੇ ਤੌਰ ‘ਤੇ ਕੈਨੇਡਾ ਦਾ ਵਸਨੀਕ ਹੈ। ਉਕਤ ਤਿੰਨਾਂ ਖ਼ਿਲਾਫ਼ ਧੋਖਾਧੜੀ ਦੇ ਨਾਲ ਨਾਲ ਸਾਜਿਸ਼ ਰਚਣ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ । ਮੁਲਜ਼ਮ ਸੈਕਟਰ – 16 ਪੰਚਕੂਲਾ ਨਿਵਾਸੀ ਰੇਨੂ ਮਨਰਾਓ , ਹਰਕੇਸ਼ ਮਨਰਾਓ ਅਤੇ ਨਿਮਿਤ ਮਨਰਾਓ ਹਨ । ਇਨ੍ਹਾਂ ਨੂੰ ਪੁਲਿਸ ਨੇ ਅਜੇ ਗ੍ਰਿਫਤਾਰ ਨਹੀਂ ਕੀਤਾ । ਰੇਨੂ ਮਨਰਾਓ ਇਸ ਸਮੇਂ ਫਰਾਰ ਹੈ ਜਦੋਂ ਕਿ ਹਰਕੇਸ਼ ਅਤੇ ਨਿਮਿਤ ਯੁਗਾਂਡਾ ਵਿੱਚ ਹਨ । ਇਨਾਂ ਤਿੰਨਾਂ ਦੇ ਖਿਲਾਫ ਨਰੇਸ਼ ਕੌਸ਼ਲ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ।
ਨਰੇਸ਼ ਕੌਸ਼ਲ ਦੀ ਭੈਣ ਜਿਸ ਉੱਤੇ ਪਰਚਾ ਦਰਜ ਹੋਇਆ ਹੈ
ਨਰੇਸ਼ ਕੋਸ਼ਲ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ 2019 ਵਿੱਚ ਕੈਨੇਡਾ ਤੋਂ ਚੰਡੀਗੜ੍ਹ ਆਏ ਸਨ । ਕੋਵਿਡ ਦੀ ਵਜ੍ਹਾ ਕਾਰਨ ਉਹ ਕੈਨੇਡਾ ਵਾਪਸ ਨਹੀਂ ਜਾ ਸਕਿਆ। ਉਨ੍ਹਾਂ ਦੀ ਭੈਣ ਰੇਨੂ ਮਨਰਾਓ ਅਤੇ ਉਨ੍ਹਾਂ ਦਾ ਪਰਵਾਰ ਉਸ ਸਮੇਂ ਯੁਗਾਂਡਾ ਵਿੱਚ ਰਹਿ ਰਿਹਾ ਸੀ।ਉਨ੍ਹਾਂ ਦੀ ਭੈਣ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੱਦਦ ਮੰਗੀ । ਉਨ੍ਹਾਂ ਦੀ ਭੈਣ ਦਾ ਮਨਸਾ ਦੇਵੀ ਕੰਪਲੇਕਸ ਸੈਕਟਰ – 4 ਪੰਚਕੂਲਾ ਵਿੱਚ ਇੱਕ ਘਰ ਬਣ ਰਿਹਾ ਸੀ । ਰੇਨੂ ਨੇ ਨਰੇਸ਼ ਕੋਲੋਂ ਘਰ ਦੀ ਰੇਨੋਵੇਸ਼ਨ ਕਰਵਾਉਣ ਲਈ 75 ਲੱਖ ਰੁਪਏ ਦੀ ਮੱਦਦ ਮੰਗੀ । ਨਰੇਸ਼ ਨੇ ਭਰਾ ਹੋਣ ਦੇ ਨਾਤੇ ਆਪਣੀ ਭੈਣ ਦੀ ਮੱਦਦ ਕਰ ਦਿੱਤੀ । ਰੇਨੂ ਨੇ ਨਰੇਸ਼ ਤੋੰ ਲਏ ਪੈਸਿਆਂ ਨਾਲ ਘਰ ਵਿੱਚ ਰੇਨੋਵੇਸ਼ਨ ਅਤੇ ਬਿਊਟੀਫਿਕੇਸ਼ਨ ਦਾ ਕੰਮ ਕਰਵਾਇਆ । ਉਨ੍ਹਾਂ ਨੇ ਨਰੇਸ਼ ਨੂੰ ਵਾਅਦਾ ਕੀਤਾ ਕਿ ਉਹ ਘਰ ਦਾ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂਨੂੰ 75 ਲੱਖ ਰੁਪਏ ਵਾਪਸ ਦੇਣਗੇ । ਲੇਕਿਨ ਉਨ੍ਹਾਂ ਨੇ ਨਰੇਸ਼ ਨੂੰ ਉਸਦੀ ਰਕਮ ਨਹੀਂ ਮੋੜੀ।
ਜਦੋਂ ਰੇਨੂ ਯੁਗਾਂਡਾ ਤੋਂ ਵਾਪਸ ਪਰਤੀ ਤਾਂ ਨਰੇਸ਼ ਨੇ ਉਨ੍ਹਾਂ ਤੋਂ ਆਪਣਾ ਪੈਸਾ ਮੰਗਣਾ ਸ਼ੁਰੂ ਕਰ ਦਿੱਤਾ । ਲੇਕਿਨ ਉਨ੍ਹਾਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ । ਅਖੀਰ ਰੇਨੂ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਹਾਲਾਂ ਕਿ ਉਨ੍ਹਾਂ ਨੇ ਪੈਸਿਆਂ ਦੇ ਬਦਲੇ ਨਰੇਸ਼ ਨੂੰ ਰੇਨੋਵੇਸ਼ਨ ਵਾਲੇ ਘਰ ਦਾ ਕਬਜ਼ਾ ਦੇਣਾ ਚਾਹਿਆ ।ਨਰੇਸ਼ ਨੇ ਕਿਹਾ ਕਿ ਉਹ ਘਰ ਨਹੀਂ ਲੈਣਾ ਚਾਹੁੰਦਾ । ਉਨ੍ਹਾਂ ਨੂੰ ਆਪਣੀ ਰਕਮ ਵਾਪਸ ਚਾਹੀਦੀ ਹੈ ਤਾਂ ਕਿ ਉਹ ਵਾਪਸ ਕੈਨੇਡਾ ਜਾ ਸਕੇ। ਲੇਕਿਨ ਉਨ੍ਹਾਂ ਦੇ ਜੀਜਾ ਅਤੇ ਭਾਣਜੇ ਨੇ ਉਨ੍ਹਾਂ ਨੂੰ ਫੋਨ ‘ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ । ਜਿਸ ਵਜ੍ਹਾ ਕਰਕੇ ਉਨ੍ਹਾਂ ਨੂੰ ਪੁਲਿਸ ਵਿੱਚ ਸ਼ਿਕਾਇਤ ਦੇਣੀ ਪਈ । ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਉੱਤੇ ਆਈਪੀਸੀ ਦੀ ਧਾਰਾ 420 , 406 ਅਤੇ 120-ਬੀ ਦੇ ਤਹਿਤ ਕੇਸ ਦਰਜ ਕੀਤਾ ਹੈ ।
ਨਰੇਸ਼ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦੇ ਨਾਲ ਪ੍ਰਾਪਰਟੀ ਮਾਮਲੇ ਵਿੱਚ ਵੀ ਧੋਖਾਧੜੀ ਕੀਤੀ ਹੈ । ਨਰੇਸ਼ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦੇ ਪਿਤਾ ਦੇ ਨਾਲ ਮਿਲਕੇ ਉਨ੍ਹਾਂ ਦੀ ਮਨਸਾ ਦੇਵੀ ਕੰਪਲੈਕਸ ਸਥਿਤ ਇੱਕ ਪ੍ਰਾਪਰਟੀ ਨੂੰ ਧੋਖੇ ਨਾਲ ਕਰੋਡ਼ਾਂ ਰੁਪਏ ਵਿੱਚ ਵੇਚ ਦਿੱਤਾ ਹੈ । ਇਸ ਬਾਰੇ ਵੀ ਵੀ ਪੰਚਕੂਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ । ਜਿਸ ਬਾਰੇ ਹੁਣ ਜਾਂਚ ਚੱਲ ਰਹੀ ਹੈ । ਨਰੇਸ਼ ਕੌਂਸਲ ਨੇ ਭੈਣ ਤੋਂ ਇਲਾਵਾ ਆਪਣੇ ਪਿਤਾ ਦੇ ਖਿਲਾਫ ਵੀ ਸ਼ਿਕਾਇਤ ਦਿੱਤੀ ਹੋਈ ਹੈ।