ਪੱਛਮੀ ਬੰਗਾਲ ਵਿੱਚ ਮਮਤਾ ਦੀ ਜਿੱਤ, ਕਿਸਾਨਾਂ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵੰਡੇ ਲੱਡੂ

TeamGlobalPunjab
3 Min Read

ਨਿਊਜ਼ ਡੈਸਕ : ਮਮਤਾ ਬੈਨਰਜੀ ਬੇਸ਼ਕ ਨੰਦੀਗ੍ਰਾਮ ਸੀਟ ਤੋਂ ਚੋਣ ਹਾਰ ਗਈ ਹੈ ਪਰ ਤ੍ਰਿਣਮੂਲ ਕਾਂਗਰਸ ਨੂੰ ਪੱਛਮੀ ਬੰਗਾਲ ਦੀ ਜਨਤਾ ਤੋਂ ਮਿਲਿਆ ਫ਼ਤਵਾ ਮਮਤਾ ਬੈਨਰਜੀ ਲਈ ਪਛਮੀ ਬੰਗਾਲ ਦੀ ਜਨਤਾ ਦੇ ਭਰੋਸੇ ਨੂੰ ਦਰਸਾਉਂਦਾ ਹੈ । ਇਸ ਵਾਰ ਦੀਆਂ ਚੋਣਾਂ ਵਿੱਚ ਮਮਤਾ ਬੈਨਰਜੀ ਨੇ ਹਰ ਉਹ ਔਕੜ ਪਾਰ ਕੀਤੀ, ਜਿਹੜੀ ਭਾਜਪਾ ਵੱਲੋਂ ਖੜੀ ਕੀਤੀ ਗਈ ਸੀ। ਸਭ ਤੋਂ ਵੱਡੀ ਗੱਲ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਨਵੀਂ ਜਾਨ ਪਾ ਦਿੱਤੀ ਹੈ। ਐਤਵਾਰ ਨੂੰ ਸਿਰਫ਼ ਸਿਆਸੀ ਆਗੂਆਂ ਵੱਲੋਂ ਹੀ ਮਮਤਾ ਬੈਨਰਜੀ ਨੂੰ ਵਧਾਈ ਨਹੀਂ ਦਿੱਤੀ ਗਈ ਸਗੋਂ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਹੋਰਨਾਂ ਸੂਬਿਆਂ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਮਮਤਾ ਨੂੰ ਵਧਾਈ ਦਿੱਤੀ ।

 

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਦੂਰੀ 1775 ਕਿਲੋਮੀਟਰ ਤੋਂ ਜ਼ਿਆਦਾ ਹੈ, ਪਰ ਕਿਸਾਨਾਂ ਵੱਲੋਂ ਮਨਾਈ ਜਾ ਰਹੀ ਖੁਸ਼ੀ ਨੂੰ ਵੇਖ ਕੇ ਇੰਜ ਜਾਪ ਰਿਹਾ ਹੈ ਜਿਵੇਂ ਜਿੱਤ ਗੁਆਂਢ ਵਿੱਚ ਹੀ ਹੋਈ ਹੋਵੇ ।

 

- Advertisement -

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਨੇ ਮਮਤਾ ਦੀ ਜਿੱਤ ‘ਤੇ ਲੱਡੂ ਵੰਡੇ ਹਨ। ਰਾਜਧਾਨੀ ਦਿੱਲੀ ਦੀ ਸਰਹੱਦ ਨਜ਼ਦੀਕ ਸਿੰਘੂ ਬਾਰਡਰ ਅਤੇ ਟੀਕਰੀ ਬਾਰਡਰ ‘ਤੇ ਵੀ ਕਿਸਾਨਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਮਿਠਾਈ ਵੰਡੀ। ਕਿਸਾਨਾਂ ਅਨੁਸਾਰ ਇਹ ਲੋਕਤੰਤਰ ਦੀ ਜਿੱਤ ਹੈ।

 

- Advertisement -

 

 

ਭਾਰਤੀ ਕਿਸਾਨ ਯੂਨੀਅਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਾਡਾ ਪਹਿਲਾ ਮਿਸ਼ਨ ਪੂਰਾ ਹੋਇਆ, ਹੁਣ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ‘ਚ ਮਿਸ਼ਨ ਨੂੰ ਪੂਰਾ ਕਰਨਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਜਦੋਂ ਸੱਤਾ ਹੰਕਾਰੀ, ਨਿਰੰਕੁਸ਼ ਅਤੇ ਪੂੰਜੀਪਤੀਆਂ ਦੀ ਵਫ਼ਾਦਾਰ ਹੋ ਜਾਵੇ ਤਾਂ ਜਨਤਾ ਦੀ ਵੋਟ ਦੀ ਚੋਟ ਦੀ ਤਾਕਤ ਹੀ ਸੱਤਾ ਨੁੰ ਸਬਕ ਸਿਖਾਉਂਦੀ ਹੈ ।

ਇਕ ਹੋਰ ਟਵੀਟ ਵਿੱਚ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਖੇਤੀ ਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ।
ਟਿਕੈਤ ਨੇ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਹੈ।

ਹਰਿਆਣਾ ਸੂਬੇ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਦੀ ਹਾਰ ‘ਤੇ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਹੈ।

ਦੇਸ਼ ਦੀ ਸਿਆਸਤ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਵੱਡੀ ਸਿਆਸੀ ਪਾਰਟੀ ਦੀ ਹਾਰ ‘ਤੇ ਕਿਸਾਨ ਜਥੇਬੰਦੀਆਂ ਨੇ ਐਨੇ ਵੱਡੇ ਪੱਧਰ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੋਵੇ।

Share this Article
Leave a comment