ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸਿੰਘ ਸਾਹਿਬਾਨ ਨਾਲ ਮੀਟਿੰਗ ਕਰਕੇ ਅਹਿਮ ਐਲਾਨ ਕਰਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਪਾਈ ਅਪੀਲ ਉਪਰ ਫੈਸਲਾ ਕੀਤਾ ਜਾਵੇ ਅਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਰਾਜੋਆਣਾ ਬਾਰੇ ਪਾਈ ਪਟੀਸ਼ਨ ਸਬੰਧੀ ਫੈਸਲਾ ਕਰੇ। ਅਜਿਹੀ ਸਥਿਤੀ ਵਿੱਚ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਫੈਸਲਾ ਲੈਣ ਲਈ ਮਿਲ ਗਏ ਹਨ ਪਰ ਕੀ ਭਾਈ ਰਾਜੋਆਣਾ ਇਸ ਫੈਸਲੇ ਨਾਲ ਸਹਿਮਤ ਹੋਣਗੇ? ਸਿੰਘ ਸਾਹਿਬਾਨ ਵਲੋਂ ਭਾਈ ਰਾਜੋਆਣਾ ਨੂੰ ਵੀ ਅਪੀਲ ਕੀਤੀ ਹੈ ਕਿ ਭੁੱਖ ਹੜਤਾਲ ਨਾਂ ਕਰਨ। ਅਜੇ ਤੱਕ ਭਾਈ ਰਾਜੋਆਣਾ ਭੁੱਖ ਹੜਤਾਲ ਉੱਪਰ ਹਨ ਅਤੇ ਉਹਨਾਂ ਨੇ ਸਿੰਘ ਸਾਹਿਬਾਨ ਨੂੰ ਪੱਤਰ ਲਿਖਕੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਬਾਰੇ ਪਾਈ ਅਪੀਲ ਵਾਪਸ ਲੈਣ ਲਈ ਕਿਹਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਤੱਕ ਭਾਈ ਰਾਜੋਆਣਾ ਦੀ ਅਪੀਲ ਵਾਪਸ ਕਰਨ ਬਾਰੇ ਫੈਸਲਾ ਨਹੀੰ ਲਿਆ ਹੈ।
ਅੱਜ ਦੀ ਮੀਟਿੰਗ ਵਿੱਚ ਸਿੰਘ ਸਾਹਿਬਾਨ ਨੇ ਕੇਂਦਰ ਨਾਲ ਭਾਈ ਰਾਜੋਆਣਾ ਅਤੇ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕਰਨ ਲਈ ਕਮੇਟੀ ਕਾਇਮ ਕੀਤੀ ਹੈ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ , ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਬਰਜਿੰਦਰ ਸਿੰਘ ਹਮਦਰਦ ਅਤੇ ਵਿਰਸਾ ਸਿੰਘ ਵਲਟੋਹਾ ਸ਼ਾਮਲ ਹਨ। ਇਸ ਗਰੁਪ ਨੂੰ ਫੌਰੀ ਕੇਂਦਰ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਹੈ। ਇਸ ਦੇ ਕਨਵੀਨਰ ਵੀ ਪ੍ਰਧਾਨ ਧਾਮੀ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਖਾਂ ਦਸਖਤ ਕਰਕੇ ਰਾਜਪਾਲ ਰਾਹੀਂ ਕੇਂਦਰ ਨੂੰ ਦੇ ਚੁੱਕੀ ਹੈ ਪਰ ਕੇਂਦਰ ਵਲੋਂ ਕੋਈ ਸੁਣਵਾਈ ਨਹੀਂ ਹੋਈ।
ਇਸੇ ਦੌਰਾਨ ਸਿੱਖ ਜਥੇਬੰਦੀਆਂ ਵਿਚਕਾਰ ਭਾਈ ਰਾਜੋਆਣਾ ਦੇ ਮਾਮਲੇ ਵਿਚ ਮਤਭੇਦ ਵੀ ਉੱਭਰਦੇ ਨਜ਼ਰ ਆ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਰਾਜੋਆਣਾ ਨੂੰ ਸਲਾਹ ਕੌਣ ਦਿੰਦਾ ਹੈ? ਕਈ ਪੰਥਕ ਧਿਰਾਂ ਅਕਾਲੀ ਦਲ ਦੀ ਲੀਡਰਸ਼ਿੱਪ ਬਾਰੇ ਸਵਾਲ ਕਰ ਰਹੀਆਂ ਹਨ ਕਿ ਅਕਾਲੀ ਦਲ ਨੇ ਪੰਜਾਬ ਅਤੇ ਕੇਂਦਰ ਵਿਚ ਆਪਣੀਆਂ ਸਰਕਾਰਾਂ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੇ ਮੁੱਦੇ ਉੱਪਰ ਕੀ ਕੀਤਾ ?
ਸੰਪਰਕਃ 9814002186