ਆਸ਼ਾ ਭੋਂਸਲੇ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ ; ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

Global Team
3 Min Read

ਮੁੰਬਈ : ਆਸ਼ਾ ਭੋਂਸਲੇ ਦੇ ਦੇਹਾਂਤ ਦੀ ਖਬਰ ਨੇ ਫਿਲਮ ਇੰਡਸਟਰੀ ਸਣੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਆਸ਼ਾ ਭੋਂਸਲੇ ਦਾ ਬੀਤੇ ਕੱਲ੍ਹ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ। ਪਰਿਵਾਰ ਅਨੁਸਾਰ ਆਸ਼ਾ ਭੋਂਸਲੇ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਕੀਤਾ ਜਾਵੇਗਾ।

ਆਸ਼ਾ ਭੋਸਲੇ ਦੇ ਬੇਟੇ ਆਨੰਦ ਭੋਸਲੇ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਸਵੇਰੇ 10:30 ਤੋਂ ਦੁਪਹਿਰ 2 ਵਜੇ ਤੱਕ ਕਾਸਾ ਗ੍ਰੈਂਡ ਲੋਅਰ ਬਿਲਡਿੰਗ ਵਿੱਚ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਸ਼ਾਮ 4 ਵਜੇ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਸ਼ਿਵਾਜੀ ਪਾਰਕ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਆਸ਼ਾ ਭੋਸਲੇ ਦੀ ਭੈਣ ਅਤੇ ਸੁਰ ਕੋਕਿਲਾ ਲਤਾ ਮੰਗੇਸ਼ਕਰ ਦਾ ਅੰਤਿਮ ਸੰਸਕਾਰ ਵੀ ਇਸੇ ਪਾਰਕ ਵਿੱਚ ਕੀਤਾ ਗਿਆ ਸੀ। ਉਸ ਦੌਰਾਨ ਉਨ੍ਹਾਂ ਨੂੰ ਵੀ ਪੂਰੇ ਸਰਕਾਰੀ ਸਨਮਾਨਾਂ ਨਾਲ ਵਿਦਾਇਗੀ ਦਿੱਤੀ ਗਈ ਸੀ। ਆਸ਼ਾ ਭੋਸਲੇ ਦੀ ਅੰਤਿਮ ਵਿਦਾਇਗੀ ਨੂੰ ਲੈ ਕੇ ਉਨ੍ਹਾਂ ਦੇ ਬੇਟੇ ਆਨੰਦ ਭੋਸਲੇ ਨੇ ਭਾਵੁਕ ਅਪੀਲ ਕੀਤੀ ਹੈ। ਆਨੰਦ ਨੇ ਕਿਹਾ ਕਿ ਅੰਤਿਮ ਸਸਕਾਰ ਦੌਰਾਨ ਭਾਰੀ ਭੀੜ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਅਵਿਵਸਥਾ ਫੈਲ ਸਕਦੀ ਹੈ। ਆਨੰਦ ਨੇ ਪ੍ਰਸ਼ੰਸਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਅੰਤਿਮ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਹੋ ਸਕੇ। ਪ੍ਰਸ਼ਾਸਨ ਵੀ ਸੁਰੱਖਿਆ ਅਤੇ ਸੁਚਾਰੂ ਵਿਵਸਥਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ।

ਜ਼ਿਕਰਯੋਗ ਹੈ ਕਿ ਆਸ਼ਾ ਭੋਂਸਲੇ ਨੂੰ ਸ਼ਨੀਵਾਰ ਸ਼ਾਮ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਥਕਾਵਟ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਐਤਵਾਰ ਨੂੰ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਸ਼ਾ ਨੇ 20 ਭਾਸ਼ਾਵਾਂ ਵਿੱਚ 12,000 ਗੀਤ ਗਾਏ। ਆਸ਼ਾ ਭੋਂਸਲੇ ਨੇ ਆਪਣੇ 82 ਸਾਲਾਂ ਦੇ ਗਾਇਕੀ ਕਰੀਅਰ ਦੌਰਾਨ 100 ਤੋਂ ਵੱਧ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਨੌਂ ਫਿਲਮਫੇਅਰ ਪੁਰਸਕਾਰ ਸ਼ਾਮਲ ਹਨ। ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਆਸ਼ਾ ਭੋਂਸਲੇ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਾਹਰੁਖ ਖਾਨ, ਹੇਮਾ ਮਾਲਿਨੀ ਸਮੇਤ ਕਈ ਸਿਆਸਤਦਾਨਾਂ, ਬਾਲੀਵੁੱਡ ਸਿਤਾਰਿਆਂ ਅਤੇ ਸੰਗੀਤ ਪ੍ਰੇਮੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment