ਮੁੰਬਈ : ਮਨੋਰੰਜਨ ਜਗਤ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭਾਰਤ ਦੀਆਂ ਸਭ ਤੋਂ ਮਸ਼ਹੂਰ ਗਾਇਕਾਵਾਂ ਵਿੱਚੋਂ ਇੱਕ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਇਲਾਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿੱਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ। ਇਹ ਦੁਖਦਾਈ ਖ਼ਬਰ ਉਨ੍ਹਾਂ ਦੇ ਬੇਟੇ ਆਨੰਦ ਭੋਸਲੇ ਨੇ ਦਿੱਤੀ ਹੈ।
ਸਿਨੇਮਾ ਦੀ ਦੁਨੀਆ ਵਿੱਚ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਉਣ ਵਾਲੀ ਗਾਇਕਾ ਨੂੰ ਕੱਲ੍ਹ ਸ਼ਨੀਵਾਰ ਨੂੰ ਤਬੀਅਤ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੀ ਐਮਰਜੈਂਸੀ ਮੈਡੀਕਲ ਸਰਵਿਸਿਜ਼ ਯੂਨਿਟ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਦੁਨੀਆ ਭਰ ਦੇ ਪ੍ਰਸ਼ੰਸਕ ਦੁਆਵਾਂ ਕਰ ਰਹੇ ਸਨ। ਪਰ, ਐਤਵਾਰ ਨੂੰ ਗਾਇਕਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਗਾਇਕਾ ਦੀ ਪੋਤੀ ਜ਼ਨਾਈ ਭੋਸਲੇ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਸੀ, ‘ਬਹੁਤ ਜ਼ਿਆਦਾ ਥਕਾਵਟ ਅਤੇ ਛਾਤੀ ਵਿੱਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕਰੋ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ’।
ਗਾਇਕਾ ਦੀ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਹਸਪਤਾਲ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਣ ਲੱਗੀ ਸੀ। ਇਸ ਦੇ ਨਾਲ ਹੀ ਆਸ਼ਾ ਭੋਸਲੇ ਦੀ ਰਿਹਾਇਸ਼ ਦੇ ਬਾਹਰ ਵੀ ਲੋਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਸਨ। ਸਾਰਿਆਂ ਨੂੰ ਆਸ ਸੀ ਕਿ ਗਾਇਕਾ ਸਿਹਤਮੰਦ ਹੋ ਕੇ ਪਰਤਣਗੇ, ਪਰ ਪ੍ਰਸ਼ੰਸਕਾਂ ਦੀ ਇਹ ਉਮੀਦ ਟੁੱਟ ਗਈ।
ਪਰਿਵਾਰ ਦੇ ਅਨੁਸਾਰ, ਕੱਲ੍ਹ ਸਵੇਰੇ 11 ਵਜੇ ਲੋਅਰ ਪਰੇਲ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਕਾਸਾ ਗ੍ਰੈਂਡ’ ਵਿੱਚ ਅੰਤਿਮ ਦਰਸ਼ਨਾਂ ਲਈ ਮ੍ਰਿਤਕ ਦੇਹ ਰੱਖੀ ਜਾਵੇਗੀ, ਜਿੱਥੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣਗੇ। ਇਸ ਤੋਂ ਬਾਅਦ ਸ਼ਾਮ 4 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

