ਕਠੂਆ : ਅਕਸਰ ਭਾਰਤ ਵਿੱਚ ਸਿੱਖਾਂ ਨਾਲ ਹੁੰਦੇ ਧੱਕੇ ਬਾਰੇ ਬੇਬਾਕੀ ਦੀ ਨਾਲ ਬੋਲਣ ਵਾਲੇ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਇੱਕ ਵਾਰ ਫੇਰ ਕੇਂਦਰ ਸਰਕਾਰ ਵਿਰੁੱਧ ਮੋਰਚਾ ਖੋਲਿਆ ਗਿਆ ਹੈ ।ਦਰਅਸਲ ਹੋਇਆ ਇੰਜ ਕਿ ਸ. ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਜੰਮੂ ਕਸ਼ਮੀਰ ਜਾ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ਇਸ ਗੱਲ ਦਾ ਮਾਣ ਵੱਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਰੱਜ ਕੇ ਕੋਸਿਆ।
ਜ਼ਿਕਰਯੋਗ ਹੈ ਕਿ ਆਪਣੇ ਸੋਸ਼ਲ ਮੀਡੀਆ ਖਾਤੇ ਜ਼ਰੀਏ ਇਸ ਦੀ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਹੁਰਾਂ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ “ਪਾਰਟੀ ਦੇ ਮੈਂਬਰ ਅਤੇ ਮੈਂ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਲਈ ਚੱਲੇ ਸੀ। ਇੰਡੀਆ ਸਰਕਾਰ ਦੇ ਹੁਕਮਾਂ ਨਾਲ ਜੰਮੂ-ਕਸ਼ਮੀਰ ਪੁਲਿਸ ਨੇ ਬਿਨਾਂ ਕੋਈ ਕਾਰਨ ਦੱਸੇ ਮੇਰੇ ਕਸ਼ਮੀਰ ਵਿੱਚ ਦਾਖ਼ਲੇ ‘ਤੇ ਰੋਕ ਲਗਾ ਦਿੱਤੀ। ਮੇਰੇ ਕੋਲ ਇੱਕ ਵਕੀਲ ਦੁਆਰਾ ਨੁਮਾਇੰਦਗੀ ਕਰਨ ਦਾ ਸੰਵਿਧਾਨਕ ਅਧਿਕਾਰ ਹੈ, ਜਿਸਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿੱਚ ਪੂਰੀ ਸ਼ਾਂਤੀ ਹੈ। ਇਸ ਤਰ੍ਹਾਂ ਮੈਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦਾ ਦੌਰਾ ਕਰਨ ਅਤੇ ਪੁੱਛ-ਪੜਤਾਲ ਕਰਨ ਵਾਲੇ ਸ਼ਾਂਤਮਈ ਵਫ਼ਦ ਦੇ ਦਾਖਲੇ ਨੂੰ ਰੋਕਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਸਾਡੀ ਪਾਰਟੀ ਅਜਿਹੇ ਜ਼ੁਲਮ ਅਤੇ ਫੌਜ ਨੂੰ ਕਿਸੇ ਵੀ ਕਸ਼ਮੀਰੀ ਨੂੰ ਮਾਰਨ, ਛੇੜਛਾੜ ਕਰਨ, ਅਗਵਾ ਕਰਨ, ਕਤਲ ਕਰਨ ਅਤੇ ਨਜ਼ਰਬੰਦ ਕਰਨ ਦੀਆਂ ਵਿਸ਼ੇਸ਼ ਸ਼ਕਤੀਆਂ ਦੇ ਵਿਰੁੱਧ ਹੈ।”