Home / News / ਮੰਡੀਆਂ ‘ਚ ਹਫੜਾ ਦਫੜੀ ਦੇ ਮਾਹੌਲ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ: ਸੁਖਬੀਰ ਬਾਦਲ

ਮੰਡੀਆਂ ‘ਚ ਹਫੜਾ ਦਫੜੀ ਦੇ ਮਾਹੌਲ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ: ਸੁਖਬੀਰ ਬਾਦਲ

ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਦੀਆਂ ਮੰਡੀਆਂ ਵਿਚ ਹਫੜਾ ਦਫੜ ਦੇ ਹਾਲਾਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕਿਸਾਨ ਤਰਸਯੋਗ ਹਾਲਾਤਾਂ ਵਿਚ ਖਰੀਦ ਕੇਂਦਰਾਂ ਵਿਚ ਡੇਰੇ ਲਾਉਣ ਲਈ ਮਜਬੂਰ ਹਨ ਕਿਉਂਕਿ ਸੂਬਾ ਸਰਕਾਰ ਕਣਕ ਦੀ ਫਸਲ ਵਾਸਤੇ ਬਾਰਦਾਨੇ ਦਾ ਇੰਤਜ਼ਾਮ ਨਹੀਂ ਕਰ ਸਕੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਬਠਿੰਡਾ ਅਤੇ ਮੋਗਾ ਜ਼ਿਲਿ੍ਹਆਂ ਵਿਚ ਗੋਨਿਆਣਾ ਮੰਡੀ, ਗੋਨਿਆਣਾ ਕਲਾਂ, ਕੋਠਾ ਗੁਰੂ ਤੇ ਭਗਤਾ ਭਾਈਕਾ ਮੰਡੀਆਂ ਦਾ ਦੌਰਾ ਕੀਤਾ, ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਖਰੀਦ ਕੇਂਦਰਾਂ ਵਿਚ ਪਹੁੰਚ ਕੇ ਕਿਸਾਨਾਂ ਦੀ ਉਹਨਾਂ ਦੀ ਜਿਣਸ ਦੀ ਖਰੀਦਦਾਰੀ ਵਿਚ ਮਦਦ ਕਰਨ। ਉਹਨਾਂ ਨਾਲ ਹੀ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ 24 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਮੂਹਰੇ ਜ਼ਿਲ੍ਹਾ ਪੱਧਰੀ ਰੋਸ ਧਰਨੇ ਦੇਵੇਗੀ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਮੰਡੀਆਂ ਵਿਚ ਕਿਸਾਨਾਂ ਨੁੰ ਦਰਪੇਸ਼ ਮੁਸ਼ਕਿਲਾਂ ਤੁਰੰਤ ਹੱਲ ਕਰਨ ਦੀ ਅਪੀਲ ਕਰੇਗੀ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਫਾਰਮ ਹਾਊਸ ਵਿਚੋਂ ਬਾਹਰ ਨਿਕਲਣ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਰੇ ਸੀਨੀਅਰ ਅਫਸਰਾਂ ਨੁੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਮੰਡੀਆਂ ਦਾ ਦੌਰਾ ਕਰਨ ਅਤੇ ਕਣਕ ਦੀ ਸੁਸਤ ਰਫਤਾਰ ਖਰੀਦ ਦੇ ਰਾਹ ਵਿਚ ਆ ਰਹੀਆਂ ਰੁਕਾਵਟਾਂ ਦੂਰ ਕਰਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹ ਪਿਛਲੇ ਇਕ ਹਫਤੇ ਤੋਂ ਆਪਣੀ ਕਣਕ ਦੀ ਖਰੀਦ ਦੀ ਉਡੀਕ ਕਰਦਿਆਂ ਮੰਡੀ ਵਿਚ ਡਟੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ 45 ਲੱਖ ਮੀਟਰਿਕ ਟਨ ਕਣਕ ਹਾਲੇ ਖੁੱਲ੍ਹੇ ਵਿਚ ਪਈ ਹੈ ਤੇ ਬਾਰਦਾਨੇ ਦੀ ਘਾਟ ਕਾਰਨ ਲਿਫਟਿੰਗ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਲੁੱਕ ਗਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਕਿਸਾਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਬਾਰਦਾਨੇ ਲਈ ਸਮੇਂ ਸਿਰ ਟੈਂਡਰ ਜਾਰੀ ਨਹੀਂ ਕੀਤਾ। ਉਹਨਾਂ ਕਿਹਾ ਕਿ ਬਾਰਦਾਨੇ ਦੀ ਖਰੀਦ ਵਿਚ ਹਰਿਆਣਾ ਪੰਜਾਬ ਨਾਲੋਂ ਬਾਜ਼ੀ ਮਾਰ ਗਿਆ ਹੈ।

ਬਾਦਲ ਨੇ ਦੱਸਿਆ ਕਿ ਕਿਸਾਨਾਂ ਤੇ ਆੜ੍ਹਤੀਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹਨਾਂ ਨੂੂੰ ਆਪਣੇ ਪੱਧਰ ’ਤੇ ਬਾਰਦਾਨੇ ਦਾ ਪ੍ਰਬੰਧ ਕਰਨ ਵਾਸਤੇ ਆਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਹੈ। ਕਿਸਾਨਾਂ ਨੂੰ ਉਹਨਾਂ ਦੀ ਖਰੀਦੀ ਗਈ ਫਸਲ ਦੀ ਸਮੇਂ ਸਿਰ ਅਦਾਇਗੀ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸੂੁਬਾ ਸਰਕਾਰ ਇਹ ਦਾਅਵਾ ਕਰ ਰਹੀ ਰਹੀ ਹੈ ਕਿ ਉਸਨੇ ਕਿਸਾਨਾਂ ਨੁੰ ਉਹਨਾਂ ਦੀ ਜਿਣਸ ਲਈ 6000 ਕਰੋੜ ਰੁਪਏ ਦੀ ਅਦਾÎਇਗੀ ਕਰ ਦਿੱਤੀ ਹੈ ਜਦਕਿ ਅਸਲ ਵਿਚ ਸਿਰਫ 3400 ਕਰੋੜ ਰੁਪਏ ਦੀ ਅਦਾਇਗੀ ਹੋਈ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਹਰਿਆਣਾ ਸਰਕਾਰ ਨੇ 24000 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ।

ਬਾਦਲ ਨੇ ਕਿਹਾ ਕਿ ਕਿਸਾਨ ਇਸ ਕਰ ਕੇ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਸਰਕਾਰ ਨੇ ਪਹਿਲਾਂ ਅਗਾਉਂ ਤਿਆਰੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਣਕ ਤੇ ਝੋਨੇ ਦੀ ਖਰੀਦ ਲਈ ਮਹੀਨਿਆਂ ਬੱਧੀ ਅਗਾਉਂ ਤਿਆਰੀ ਕਰਦੇ ਸਨ। ਉਹਨਾਂ ਕਿਹਾ ਕਿ ਇਸ ਸਰਕਾਰ ਨੁੰ ਕਿਸਾਨਾਂ ਦੀਆਂ ਚਿੰਤਾਵਾ ਦੀ ਕੋਈ ਪਰਵਾਹ ਨਹੀਂ ਹੈ ਤੇ ਇਹ ਜਾਅਲੀ ਬਿਆਨ ਜਾਰੀ ਕਰ ਰਹੀ ਹੈ ਕਿ ਇਸਨੇ ਪ੍ਰਬੰਧ ਕੀਤੇ ਹਨ ਜਦਕਿ ਜ਼ਮੀਨੀ ਹਕੀਕਤ ’ਤੇ ਅਜਿਹੇ ਕੋਈ ਪ੍ਰਬੰਧ ਨਹੀਂ ਕੀਤੇ ਗਏ।

ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਠਿੰਡਾ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ ਅਤੇ ਪਰਮਬੰਸ ਸਿੰਘ ਰੋਮਾਣਾ ਤੇ ਮੋਗਾ ਵਿਚ ਮੱਖਣ ਬਰਾੜ ਤੇ ਤੀਰਕ ਸਿੰਘ ਮਾਹਲਾ ਵੀ ਮੌਜੂਦ ਸਨ। ਉਹਨਾਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਅਤੇ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੂੰ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣ ਵਾਸਤੇ ਵੀ ਆਖਿਆ।

Check Also

ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਕੋਰੋਨਾ ਮਰੀਜ਼ਾਂ ਲਈ ਲਗਾਏ ਜਾਣਗੇ ਬੈੱਡ, ਮਿਲਣਗੀਆਂ ਮੈਡੀਕਲ ਸੇਵਾਵਾਂ

ਪਟਿਆਲਾ (ਭੁਪਿੰਦਰ ਸਿੰਘ): ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ …

Leave a Reply

Your email address will not be published. Required fields are marked *