ਸੰਕਟ ਵੇਲੇ ਸਿੱਖਾਂ ਨੇ ਹਮੇਸ਼ਾ ਮਨੁੱਖਤਾ ਦੀ ਅੱਗੇ ਆ ਕੇ ਕੀਤੀ ਮਦਦ: ਬੈਰੀ ਓ ਫੈਰਲ

TeamGlobalPunjab
2 Min Read

ਨਵੀਂ ਦਿੱਲੀ : ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਸ਼ਨ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ‘ਚ ਪਹੁੰਚੇ ਬੈਰੀ ਓ ਫੈਰਲ ਨੇ ਕਿਹਾ ਕਿ ਸਿੱਖ ਆਸਟਰੇਲੀਆ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਤੇ ਜੋ ਵੀ ਪੱਛਮੀ ਆਸਟਰੇਲੀਆ ਸਰਕਾਰ ਨੇ ਦਿੱਲੀ ਕਮੇਟੀ ਨੂੰ ਹਸਪਤਾਲ ਦੇ ਨਿਰਮਾਣ ਵਾਸਤੇ ਯੋਗਦਾਨ ਦਿੱਤਾ, ਉਹ ਸਿਰਫ ਪਿਆਰ ਦਾ ਮੋੜਵਾਂ ਛੋਟਾ ਰਿਹਾ ਤੋਹਫਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸੰਕਟ ਹੁੰਦਾ ਭਾਵੇਂ ਆਸਟਰੇਲੀਆ ‘ਚ ਹੋਵੇ, ਭਾਰਤ ਜਾਂ ਕਿਤੇ ਵੀ ਹੋਰ, ਸਿੱਖ ਭਾਈਚਾਰੇ ਦੇ ਮੈਂਬਰ ਤਰਕਸੰਗਤ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆ ਜਾਂਦੇ ਹਨ।

ਉਹਨਾਂ ਕਿਹਾ ਕਿ ਭਵਿੱਖੀ ਪੀੜੀਆਂ ਨੁੰ ਬਚਾਉਣ ਲਈ ਹਸਪਤਾਲ ਬਣਾਉਣ ਦਾ ਫੈਸਲਾ ਬਹੁਤ ਵੱਡਾ ਫੈਸਲਾ ਹੈ ਜਿਸ ਲਈ ਉਹ ਸਿੱਖ ਲੀਡਰਸ਼ਿਪ ਨੂੰ ਵਧਾਈ ਦਿੰਦੇ ਹਨ। ਉਹਨਾਂ ਨੇ ਦੁਨੀਆਂ ਭਰ ਵਿਚ ਖਾਸ ਤੌਰ ‘ ਤੇ ਆਸਟਰੇਲੀਆ ਵਿਚ ਲੋਕਾਂ ਦੀ ਮਦਦ ਕਰਨ ਲਈ ਸਿੱਖਾਂ ਦੇ ਅੱਗੇ ਆਉਣ ਵਾਸਤੇ ਪ੍ਰੇਰਿਤ ਕਰਨ ਲਈ ਸਿੱਖ ਲੀਡਰਸ਼ਿਪ ਦੀ ਵਡਿਆਈ ਕੀਤੀ ਤੇ ਨਾਲ ਹੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਸਟਰੇਲੀਆ ਸਰਕਾਰ, ਪਰਥ ਦੇ ਪ੍ਰੀਮੀਅਰ ਮਾਰਕ ਮੈਕਗੋਵਾਨ, ਮੰਤਰੀ ਟੋਨੀ ਬਿਊਟੀ ਤੇ ਸਿੱਖ ਐਸੋਸੀਏਸ਼ਨ ਗੁਰਦੁਆਰਾ ਸਾਹਿਬ ਕਨਿੰਗ ਵੇਲ ਪਰਥ ਦੇ ਪ੍ਰਧਾਨ ਦੇਵਰਾਜ ਸਿੰਘ ਤੇ ਆਸਟਰੇਲੀਆ ਦੀ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ 3 ਲੱਖ ਡਾਲਰ ਦਾ ਯੋਗਦਾਨ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤਾ ਹੈ।

ਉਹਨਾਂ ਕਿਹਾ ਕਿ ਆਸਟਰੇਲੀਆ ਸਰਕਾਰ ਵੱਲੋਂ 3 ਲੱਖ ਡਾਲਰ ਦਾ ਯੋਗਦਾਨ ਦੇਣਾ ਹੀ ਇਹ ਦਰਸਾਉਂਦਾ ਹੈ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਕਿਵੇਂ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਪਰਥ ਦੇ ਪ੍ਰੀਮੀਅਰ ਤੇ ਆਸਟਰੇਲੀਆ ਦੇ ਲੋਕਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਅੱਗੇ ਆ ਕੇ ਇੰਨਾ ਵੱਡਾ ਯੋਗਦਾਨ ਦਿੱਲੀ ਗੁਰਦੁਆਰਾ ਕਮੇਟੀ ਨੁੰ ਦਿੱਤਾ। ਉਹਨਾਂ ਕਿਹਾ ਕਿ ਸਾਰੀ ਦੁਨੀਆਂ ਦੀ ਸਿੱਖ ਸੰਗਤ ਆਸਟਰੇਲੀਆ ਦੀ ਧੰਨਵਾਦੀ ਹੈ।

Share This Article
Leave a Comment