ਦਸਤਾਰ ਸਜਾਉਣ ਕਾਰਨ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ੀ ਹੋਟਲ ’ਚ ਨਹੀਂ ਮਿਲੀ ਐਂਟਰੀ, ਸਟਾਫ ਨੇ ਡਰੈੱਸ ਕੋਡ ਦਾ ਦਿੱਤਾ ਹਵਾਲਾ

Global Team
3 Min Read

ਨਿਊਜ਼ ਡੈਸਕ: ਆਸਟਰੀਆ ਦੇ ਸਾਲਜ਼ਬਰਗ ਸਥਿਤ Cool Mama Hotel ਵਿੱਚ ਪੰਜਾਬੀ ਸਿੱਖ ਨੌਜਵਾਨਾਂ ਨੂੰ ਦਸਤਾਰ ਸਜਾਉਣ ਕਾਰਨ ਦਾਖਲਾ ਨਹੀਂ ਦਿੱਤਾ ਗਿਆ। ਮੋਹਾਲੀ ਵਿੱਚ ਵਪਾਰਕ ਫਰਮ ਚਲਾਉਣ ਵਾਲੇ ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ 27 ਅਗਸਤ ਨੂੰ ਹੋਟਲ ਆਨਲਾਈਨ ਬੁੱਕ ਕੀਤਾ ਸੀ। ਪਰ ਹੋਟਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ ’ਤੇ ਕਿਹਾ ਗਿਆ ਕਿ ਦਸਤਾਰ ਵਾਲੇ ਲੋਕਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਹੈ।

ਹੋਟਲ ਨੇ ਦੱਸਿਆ ਡਰੈੱਸ ਕੋਡ

ਜਸਪ੍ਰੀਤ ਮੁਤਾਬਕ, ਜਦੋਂ ਉਨ੍ਹਾਂ ਨੇ ਇਸ ਬਾਰੇ ਸਵਾਲ ਕੀਤਾ ਤਾਂ ਹੋਟਲ ਸਟਾਫ ਨੇ ਡਰੈੱਸ ਕੋਡ ਦਾ ਹਵਾਲਾ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਹੈੱਡ ਕਵਰ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਨਿਯਮ ਪਹਿਲਾਂ ਹੀ ਆਨਲਾਈਨ ਦਰਜ ਕੀਤਾ ਗਿਆ ਸੀ। ਜਸਪ੍ਰੀਤ ਨੇ ਆਪਣੀ ਦਸਤਾਰ ਨੂੰ ਧਾਰਮਿਕ ਪਛਾਣ ਦੱਸਦਿਆਂ ਵਿਰੋਧ ਕੀਤਾ, ਪਰ ਉਨ੍ਹਾਂ ਦੇ ਮੁਤਾਬਕ ਸਟਾਫ ਨੇ ਆਪਣਾ ਫੈਸਲਾ ਨਹੀਂ ਬਦਲਿਆ ਅਤੇ ਉਨ੍ਹਾਂ ਨੂੰ ਰੈਸਟੋਰੈਂਟ ਤੋਂ ਬਾਹਰ ਜਾਣ ਲਈ ਕਿਹਾ ਗਿਆ।

ਰਿਫੰਡ ਦੀ ਮੰਗ ਵੀ ਰੱਦ

ਦਾਖਲੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਜਸਪ੍ਰੀਤ ਨੇ ਬੁਕਿੰਗ ਰੱਦ ਕਰਕੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਹੋਟਲ ਪ੍ਰਬੰਧਨ ਨੇ ਰਿਫੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਜਸਪ੍ਰੀਤ ਨੇ ਕਿਹਾ ਕਿ ਉਨ੍ਹਾਂ ਲਈ ਪੈਸਿਆਂ ਨਾਲੋਂ ਦਸਤਾਰ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਇੰਸਟਾਗ੍ਰਾਮ ’ਤੇ ਵੀ ਸਾਂਝੀ ਕੀਤੀ।

‘ਮੇਰੇ ਨਾਲ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ’

ਜਸਪ੍ਰੀਤ ਨੇ ਕਿਹਾ ਕਿ ਉਹ ਸਵਿਟਜ਼ਰਲੈਂਡ, ਜਰਮਨੀ ਅਤੇ ਯੂਰਪ ਦੇ ਹੋਰ ਹਿੱਸਿਆਂ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਪਹਿਲਾਂ ਕਦੇ ਦਸਤਾਰ ਨੂੰ ਲੈ ਕੇ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਦੇ ਮੁਤਾਬਕ, ਇਸ ਵਾਰ ਹੋਟਲ ਵਿੱਚ ਹੋਇਆ ਵਿਵਹਾਰ ਉਨ੍ਹਾਂ ਲਈ ਅਪਮਾਨਜਨਕ ਅਤੇ ਨਿਰਾਸ਼ਾਜਨਕ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਿਰਫ਼ ਰੈਸਟੋਰੈਂਟ ਤੱਕ ਸੀਮਤ ਨਹੀਂ ਸੀ, ਸਗੋਂ ਪੂਰੇ ਹੋਟਲ ਦੇ ਮਾਹੌਲ ਵਿੱਚ ਦਸਤਾਰ ਪਹਿਨਣ ਨੂੰ ਲੈ ਕੇ ਪਾਬੰਦੀ ਦੀ ਗੱਲ ਕਹੀ ਗਈ।

ਹੋਟਲ ਪ੍ਰਬੰਧਨ ਦਾ ਆਪਣਾ ਪੱਖ

ਦੂਜੇ ਪਾਸੇ, ਹੋਟਲ ਪ੍ਰਬੰਧਨ ਨੇ ਕਿਹਾ ਕਿ ਉਨ੍ਹਾਂ ਦੀ ਵੈੱਬਸਾਈਟ ’ਤੇ ਬੁਕਿੰਗ ਤੋਂ ਪਹਿਲਾਂ ਹੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਹੋਟਲ, ਰੈਸਟੋਰੈਂਟ ਅਤੇ ਬਾਰ ‘ਚ ਹੈੱਡ ਕਵਰ ਕਰਕੇ ਕੇ ਆਉਣ ਦੀ ਇਜਾਜ਼ਤ ਨਹੀਂ ਹੈ।

ਜਸਪ੍ਰੀਤ ਨੇ ਹੋਰ ਸਿੱਖ ਅਤੇ ਦਸਤਾਰਧਾਰੀ ਯਾਤਰੀਆਂ ਨੂੰ ਅਜਿਹੀ ਬੁਕਿੰਗ ਕਰਨ ਤੋਂ ਪਹਿਲਾਂ ਹੋਟਲ ਦੀਆਂ ਸ਼ਰਤਾਂ ਚੰਗੀ ਤਰ੍ਹਾਂ ਜਾਂਚਣ ਦੀ ਅਪੀਲ ਕੀਤੀ ਹੈ।

Share This Article
Leave a Comment