ਲੰਦਨ: ਬਰਤਾਨੀਆਂ ‘ਚ ਇੱਕ ਸਿੱਖ ਟੈਕਸੀ ਡਰਾਈਵਰ ਨਾਲ ਚਾਰ ਯਾਤਰੀਆਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 41 ਸਾਲਾ ਵਨੀਤ ਸਿੰਘ ਨੇ ਐਤਵਾਰ ਦੀ ਰਾਤ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਚਾਰ ਲੋਕਾਂ ਨੂੰ ਆਪਣੀ ਟੈਕਸੀ ‘ਚ ਬਿਠਾਇਆ। ਉਨ੍ਹਾਂ ਲੋਕਾਂ ਨੇ ਟੈਕਸੀ ‘ਚ ਬੈਠਣ ਤੋਂ ਕੁਝ ਦੇਰ ਬਾਅਦ ਹੀ ਵਨੀਤ ਤੋਂ ਪੁੱਛਿਆ, ਕੀ ਤੂੰ ਤਾਲਿਬਾਨੀ ਹੈ ? ਇਸ ਤੋਂ ਬਾਅਦ ਉਨ੍ਹਾਂ ਨੇ ਵਨੀਤ ਸਿੰਘ ਨਾਲ ਕੁੱਟਮਾਰ ਵੀ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸਿੰਘ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਸ਼ਿਕਾਇਤ ਤੋਂ ਬਾਅਦ ਬ੍ਰਿਟੇਨ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਨੀਤ ਸਿੰਘ ਨੇ ਦੱਸਿਆ ਕਿ ਚਾਰੇ ਯਾਤਰੀ ਗੋਰੇ ਸਨ, ਮੈਂ ਜਦੋਂ ਗੱਡੀ ਚਲਾ ਰਿਹਾ ਸੀ ਤਾਂ ਯਾਤਰੀਆਂ ‘ਚੋਂ ਇੱਕ ਨੇ ਮੇਰੇ ਸਿਰ ‘ਤੇ ਥੱਪੜ ਮਾਰਿਆ ਜਦਕਿ ਦੂਜੇ ਯਾਤਰੀ ਨੇ ਮੇਰੀ ਸੀਟ ਦੇ ਪਿੱਛੇ ਲੱਤ ਮਾਰੀ ਤੇ ਮੈਨੂੰ ਧੱਕਾ ਦਿੱਤਾ ਤਾਂ ਤੀਸਰੇ ਯਾਤਰੀ ਨੇ ਮੇਰੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਇਲਾਵਾ ਵਨੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਮਾੜਾ ਅਨੁਭਵ ਸੀ, ਮੈਂ ਬਹੁਤ ਘਬਰਾ ਗਿਆ ਸੀ ਤੇ ਮੈਂ ਹੁਣ ਕਦੇ ਵੀ ਰਾਤ ਨੂੰ ਕੰਮ ਨਹੀਂ ਕਰਾਂਗਾ। ਵਨੀਤ ਨੇ ਦੱਸਿਆ ਕਿ ਮੈਂ ਯਾਤਰੀਆਂ ਨੂੰ ਦਸਤਾਰ ਦੀ ਧਾਰਮਿਕ ਮਹੱਤਤਾ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇੱਕ ਨਾ ਸੁਣੀ।
ਇਸ ਘਟਨਾ ਤੋਂ ਦੁਖੀ ਵਨੀਤ ਸਿੰਘ ਨੇ ਕਿਹਾ ਇਹ ਮਾਮਲਾ ਨਾ ਸਿਰਫ ਨਸਲਵਾਦੀ ਸੀ, ਸਗੋਂ ਚਾਰੇ ਯਾਤਰੀ ਨਫਰਤ ਨਾਲ ਭਰੇ ਹੋਏ ਸਨ।