ਕਰਤਾਰਪੁਰ ਸਾਹਿਬ ਕੌਰੀਡੋਰ ਜਲਦ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਹੋਵੇਗੀ ਅਰਦਾਸ, ਜਥੇਦਾਰ ਵਲੋਂ ਸੰਗਤ ਨੂੰ ਪਹੁੰਚਣ ਦੀ ਅਪੀਲ

Global Team
2 Min Read

ਨਿਊਜ਼ ਡੈਸਕ:ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਮੁੜ ਜਲਦ ਖੋਲ੍ਹਣ ਦੀ ਮੰਗ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਜ਼ੀਰੋ ਲਾਈਨ ’ਤੇ ਵਿਸ਼ੇਸ਼ ਅਰਦਾਸ ਕੀਤੀ ਜਾਵੇਗੀ। ਇਸ ਧਾਰਮਿਕ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਦੀ ਜ਼ੀਰੋ ਲਾਈਨ ’ਤੇ ਪਹੁੰਚਣਗੇ।

ਪਾਕਿਸਤਾਨ ਤੋਂ ਜ਼ੀਰੋ ਲਾਈਨ ਤੱਕ ਆਵੇਗਾ ਨਗਰ ਕੀਰਤਨ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਜ਼ੀਰੋ ਲਾਈਨ ’ਤੇ ਪਹੁੰਚੇਗਾ।

ਇਸ ਮੌਕੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਸਿੱਖ ਸੰਗਤ ਵੱਲੋਂ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਦੋਵੇਂ ਪਾਸਿਆਂ ਦੀ ਸੰਗਤ ਵੱਲੋਂ ਕੌਰੀਡੋਰ ਨੂੰ ਜਲਦ ਖੋਲ੍ਹਣ ਦੀ ਅਰਦਾਸ ਕੀਤੀ ਜਾਵੇਗੀ।

ਰਹਿਰਾਸ ਸਾਹਿਬ, ਕੀਰਤਨ ਅਤੇ ਆਰਤੀ ਤੋਂ ਬਾਅਦ ਹੋਵੇਗੀ ਅਰਦਾਸ

ਜ਼ੀਰੋ ਲਾਈਨ ’ਤੇ ਨਗਰ ਕੀਰਤਨ ਦੇ ਪਹੁੰਚਣ ਤੋਂ ਬਾਅਦ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਹੋਵੇਗੀ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਜਾਵੇਗੀ।

ਅਰਦਾਸ ਦੌਰਾਨ ਸਿੱਖ ਸੰਗਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਜਲਦ ਖੋਲ੍ਹਣ ਦੀ ਬੇਨਤੀ ਕੀਤੀ ਜਾਵੇਗੀ, ਤਾਂ ਜੋ ਸੰਗਤ ਮੁੜ ਪਹਿਲਾਂ ਵਾਂਗ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ।

ਭਾਰਤ ਅਤੇ ਪਾਕਿਸਤਾਨ ਵਾਲੇ ਪਾਸੇ ਸਿੱਖ ਸੰਗਤ ਆਪੋ-ਆਪਣੇ ਇਲਾਕਿਆਂ ਵਿੱਚ ਰਹਿਰਾਸ ਸਾਹਿਬ ਦੇ ਪਾਠ, ਆਰਤੀ ਅਤੇ ਸ਼ਬਦ ਕੀਰਤਨ ਉਪਰੰਤ ਕੌਰੀਡੋਰ ਜਲਦ ਖੋਲ੍ਹਣ ਲਈ ਅਰਦਾਸ ਕਰੇਗੀ।

ਜਥੇਦਾਰ ਨੇ ਸੰਗਤ ਨੂੰ ਕੀਤੀ ਅਪੀਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਬਾਬਾ ਨਾਨਕ ਅਤੇ ਸਰਹੱਦੀ ਇਲਾਕਿਆਂ ਦੀ ਸਿੱਖ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਸੰਗਤ ਸੋਮਵਾਰ ਸ਼ਾਮ ਭਾਰਤੀ ਸਮੇਂ ਮੁਤਾਬਕ 5:30 ਵਜੇ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੇੜੇ ਜ਼ੀਰੋ ਲਾਈਨ ’ਤੇ ਪਹੁੰਚੇ। ਇੱਥੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਜਾਵੇਗੀ ਕਿ ਕੌਰੀਡੋਰ ਜਲਦ ਖੋਲ੍ਹਿਆ ਜਾਵੇ ਅਤੇ ਸੰਗਤ ਨੂੰ ਮੁੜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲੇ।

Share This Article
Leave a Comment