ਲੰਦਨ: ਯੂ.ਕੇ. ‘ਚ ਜੰਮੇ-ਪਲੇ ਨੌਜਵਾਨ ਕਿਰਨ ਸਿੱਧੂ ਦੇ ਸਾਥੀ ਮੁਲਾਜ਼ਮ ਉਸ ‘ਤੇ ਨਸਲੀ ਟਿੱਪਣੀਆਂ ਕਰ ਕੇ ਉਸਦਾ ਮਖੌਲ ਉਡਾਉਂਦੇ ਸਨ। ਜਿਸ ਤੋਂ ਬਾਅਦ ਨੌਜਵਾਨ ਵੱਲੋਂ ਮੁਕੱਦਮਾ ਦਾਇਰ ਕਰਦਿਆਂ 66 ਲੱਖ ਪੌਂਡ ਦਾ ਹਰਜ਼ਾਨਾ ਮੰਗਿਆ ਗਿਆ ਹੈ।
ਇਸ ਤੋਂ ਪਹਿਲਾਂ ਕਿਰਨ ਸਿੱਧੂ ਆਪਣੀ ਕੰਪਨੀ ਖਿਲਾਫ ਦਾਇਰ ਨਸਲੀ ਵਿਤਕਰੇ ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਮੁਕੱਦਮੇ ਜਿੱਤ ਚੁੱਕਿਆ ਹੈ। ਰਿਪੋਰਟਾਂ ਮੁਤਾਬਕ ਕਿਰਨ ਸਿੱਧੂ ਨੂੰ ਉਸ ਦੇ ਸਾਥੀ ਮੁਲਾਜ਼ਮ ਸੀਰੀਆਈ ਪ੍ਰਵਾਸੀ ਕਰਾਰ ਦਿੰਦਿਆਂ ਇਸਲਾਮਿਕ ਸਟੇਟ ਦਾ ਮੈਂਬਰ ਵੀ ਦੱਸਦੇ ਸਨ। ਜਿਸ ਕਾਰਨ ਨੌਜਵਾਨ ਬਹੁਤ ਪਰੇਸ਼ਾਨ ਰਹਿਣ ਲੱਗਿਆ ਤੇ ਉਸਦੀ ਮਾਨਸਿਕ ਹਾਲਤ ਖਰਾਬ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਿਕ ਰੋਗਾਂ ਦੇ ਡਾਕਟਰ ਨੇ ਕਿਹਾ ਕਿ ਉਸ ਦੀ ਹਾਲਤ ਇਸ ਹੱਦ ਤੱਕ ਖ਼ਰਾਬ ਹੋ ਗਈ ਹੈ ਕਿ ਉਹ ਭਵਿੱਖ ਵਿਚ ਕੰਮ ਕਰਨ ਦੇ ਸਮਰੱਥ ਨਹੀਂ ਰਿਹਾ।
ਕਿਰਨ ਸਿੱਧੂ ਨੇ ਸਾਊਥੈਂਪਟਨ ਦੇ ਰੁਜ਼ਗਾਰ ਟ੍ਰਿਬਿਊਨਲ ਕੋਲ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਸਾਥੀ ਮੁਲਾਜ਼ਮ ਉਸ ਨੂੰ ਅਰਬ ਮੁਲਕਾਂ ਤੋਂ ਆਇਆ ਅੱਤਵਾਦੀ ਦਸਦੇ ਸਨ ਅਤੇ ਉਸ ਦੀ ਜੁੱਤੀ ਵਿਚ ਬੰਬ ਹੋਣ ਦੀ ਗੱਲ ਵੀ ਕਰਦੇ। ਕਿਰਨ ਸਿੱਧੂ ਨੇ 2012 ਵਿਚ ਟੈਕ ਕੰਪਨੀ ਐਗਜ਼ਰਟਿਸ ਵਿਚ ਨੌਕਰੀ ਸ਼ੁਰੂ ਕੀਤੀ ਅਤੇ 2016 ਤੱਕ ਆਉਂਦੇ-ਆਉਂਦੇ ਉਸ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਟ੍ਰਿਬਿਊਨ ਨੇ ਮਹਿਸੂਸ ਕੀਤਾ ਕਿ ਕਿਰਨ ਸਿੱਧੂ ਦੇ ਸਾਬਕਾ ਸਾਥੀਆਂ ਗਲਿਨ ਸਮਿਥ, ਸਟੂਅਰਟ ਸਮਿਥ ਅਤੇ ਜੌਹਨ ਕਲੀਅਰੀ ਨੇ ਉਸ ਨੂੰ ਨਸਲੀ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ।

ਕਿਰਨ ਸਿੱਧੂ ਨੇ ਦੱਸਿਆ ਕਿ, ‘ਸਾਥੀ ਮੁਲਾਜ਼ਮ ਸਮਝਦੇ ਸਨ ਕਿ ਉਹ ਸਭ ਮਖੌਲ ਹੈ ਪਰ ਅਸਲ ‘ਚ ਮੇਰੇ ਲਈ ਇਹ ਬੇਸ਼ਰਮੀ ਵਾਲੀ ਗੱਲ ਸੀ ਅਤੇ ਮੇਰੀ ਮਾਨਸਿਕ ਹਾਲਤ ਵਿਗੜਦੀ ਚਲੀ ਗਈ।’ ਉੱਥੇ ਹੀ ਕੰਪਨੀ ਦੇ ਮੈਨੇਜਰ ਨੇ ਕਿਰਨ ਸਿੱਧੂ ਦੀਆਂ ਸ਼ਿਕਾਇਤਾਂ ਵੱਲ ਖਾਸ ਧਿਆਨ ਨਾ ਦਿੱਤਾ। ਹਰ ਪਾਸਿਉਂ ਨਿਰਾਸ਼ ਹੋ ਚੁੱਕੇ ਕਿਰਨ ਸਿੱਧੂ ਨੇ ਮਈ 2017 ਵਿਚ ਨੌਕਰੀ ਛੱਡ ਦਿੱਤੀ।
ਕਿਰਨ ਸਿੱਧੂ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਲਾਉਣ ਮਗਰੋਂ ਡਾ. ਜੋਨਾਥਨ ਓਰਨਸਟੀਨ ਨੇ ਕਿਹਾ ਕਿ ਉਸ ਦੇ ਠੀਕ ਹੋਣ ਦੇ ਆਸਾਰ ਬਹੁਤ ਘੱਟ ਹਨ ਅਤੇ ਸੰਭਾਵਤ ਤੌਰ ‘ਤੇ ਉਹ ਦੁਬਾਰਾ ਕਦੇ ਕੰਮ ਨਹੀਂ ਕਰ ਸਕੇਗਾ। ਉਧਰ ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ 1800 ਤੋਂ ਵੱਧ ਮੁਲਾਜ਼ਮਾਂ ‘ਚੋਂ ਕਿਰਨ ਸਿੱਧੂ ਦਾ ਮਾਮਲਾ ਬੇਹੱਦ ਵੱਖਰਾ ਹੈ ਅਤੇ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।