ਰੋਮ: ਇਟਲੀ ਦੇ ਸਿੱਖਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰ ਰਹੀ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਦਸਮੇਸ਼ ਦਰਬਾਰ ਸਿੱਖ ਟੈਂਪਲ ਬਲੋਨੀਆ ਵਿਖੇ ਕੀਤੀ ਗਈ। ਜਿਸ ਵਿੱਚ ਇਟਲੀ ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਮੈਂਬਰਾਂ ਨੇ ਦੱਸਿਆ ਕਿ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਦਾਇਰ ਕੀਤੀ ਗਈ ਫਾਈਲ ਇਟਾਲੀਅਨ ਸਰਕਾਰ ਦੇ ਅਦਾਰੇ Consiglio di Stato ਯਾਨੀ ਸਟੇਟ ਕੌਂਸਲ ਵਿੱਚ ਪਹੁੰਚ ਚੁੱਕੀ ਹੈ। ਉਸ ਦਾ ਨਤੀਜਾ ਜਲਦ ਹੀ ਸੰਗਤਾਂ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਦੱਸਿਆ ਇਹ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਅਖੀਰਲਾ ਪੜਾਅ ਹੈ।
ਉਨਾਂ ਕਿਹਾ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਹਮੇਸ਼ਾ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆ, ਸਿੱਖ ਸੰਸਥਾਵਾਂ, ਅਤੇ ਸਿੱਖ ਸੰਗਤਾ ਨੂੰ ਅਪੀਲ ਕਰਦੀ ਆ ਰਹੀ ਹੈ ਕਿ ਸਾਰੇ ਇੱਕ ਮੰਚ ਤੇ ਇੱਕਠੇ ਹੋ ਕੇ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਲਈ ਜੋ ਉਪਰਾਲਾ ਅਰੰਭਿਆ ਹੋਇਆ ਹੈ, ਉਸ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਹੰਭਲਾ ਮਾਰੀਏ।