ਕੋਲੰਬੋ: ਭਾਰਤ ਦੇ ਅਡਾਨੀ ਗਰੁੱਪ ਨੂੰ ਸ੍ਰੀਲੰਕਾ ਦੇ ਤਿੰਨ ਹਵਾਈ ਅੱਡਿਆਂ ਦੇ ਪ੍ਰਬੰਧਨ ਦਾ ਠੇਕਾ ਮਿਲ ਸਕਦਾ ਹੈ। ਇਸ ਦੇ ਲਈ ਅਡਾਨੀ ਸਮੂਹ ਸ਼੍ਰੀਲੰਕਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਕੋਲੰਬੋ ਵਿੱਚ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚੋਂ ਇੱਕ ਹੈ ਜਿੱਥੇ ਅਡਾਨੀ ਸਮੂਹ ਪ੍ਰਬੰਧਨ ਲਈ ਠੇਕਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੀਲੰਕਾ ਦੇ ਸੈਰ-ਸਪਾਟਾ, ਭੂਮੀ, ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਹਰੀਨ ਫਰਨਾਂਡੋ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਰੂਪ-ਰੇਖਾ ‘ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਪ੍ਰਬੰਧਨ ਸਮਝੌਤੇ ਵੀ ਸ਼ਾਮਿਲ ਹੋ ਸਕਦੇ ਹਨ।
ਪ੍ਰਸਤਾਵਿਤ ਹੋਰ ਹਵਾਈ ਅੱਡਿਆਂ ਵਿੱਚ ਕੋਲੰਬੋ ਦਾ ਰਤਮਲਾਨਾ ਹਵਾਈ ਅੱਡਾ ਅਤੇ ਹੰਬਨਟੋਟਾ ਦਾ ਮਤਾਲਾ ਹਵਾਈ ਅੱਡਾ ਸ਼ਾਮਿਲ ਹਨ। ਮਤਾਲਾ ਨੂੰ ਦੁਨੀਆ ਦਾ ਸਭ ਤੋਂ ਖਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ। ਇਹ ਚੀਨ ਤੋਂ ਕਰਜ਼ਾ ਲੈ ਕੇ ਬਣਾਇਆ ਗਿਆ ਸੀ, ਪਰ ਅੱਜ ਇੱਥੇ ਇੱਕ ਵੀ ਫਲਾਈਟ ਨਹੀਂ ਉਤਰੀ। ਸ਼੍ਰੀਲੰਕਾ ਸਰਕਾਰ ਨੇ ਇਸ ਨੂੰ ਲੰਬੇ ਸਮੇਂ ਲਈ ਪਾਰਕਿੰਗ ਸੁਵਿਧਾਵਾਂ ਵਾਲਾ ਹਵਾਈ ਅੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੀ ਯੋਜਨਾ ਵੀ ਅਸਫਲ ਰਹੀ। ਸਿਰਫ ਕੋਵਿਡ ਮਹਾਂਮਾਰੀ ਦੌਰਾਨ, ਇੱਥੇ ਉਡਾਣਾਂ ਉਤਰੀਆਂ ਅਤੇ ਲੋਕਾਂ ਨੂੰ ਹਵਾਈ ਅੱਡੇ ਦੇ ਵੱਖ-ਵੱਖ ਖੇਤਰਾਂ ਵਿੱਚ ਕੁਆਰੰਟੀਨ ਕੀਤਾ ਗਿਆ।
ਸ੍ਰੀਲੰਕਾ ਦੇ ਮੰਤਰੀ ਹਰੀਨ ਫਰਨਾਂਡੋ ਨੇ ਕਿਹਾ, “ਹਵਾਈ ਅੱਡਿਆਂ ਦੇ ਪ੍ਰਬੰਧਨ ਲਈ ਅਡਾਨੀ ਸਮੂਹ ਨਾਲ ਕੰਮ ਕਰਨ ਦੀ ਯੋਜਨਾ ਹੈ।” ਹਵਾਈ ਅੱਡਿਆਂ ਦੇ ਪ੍ਰਬੰਧਨ ਵਿੱਚ ਇੱਕ ਨਿੱਜੀ ਕੰਪਨੀ ਨੂੰ ਸ਼ਾਮਲ ਕਰਨ ਦੀ ਯੋਜਨਾ ਸ਼੍ਰੀਲੰਕਾ ਵਿੱਚ ਸੈਰ-ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਦੀਆਂ ਪਹਿਲਕਦਮੀਆਂ ਦੇ ਵਿਚਕਾਰ ਆਈ ਹੈ। ਕੋਵਿਡ ਮਹਾਮਾਰੀ ਕਾਰਨ ਸ਼੍ਰੀਲੰਕਾ ਦਾ ਸੈਰ-ਸਪਾਟਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਪਰ, ਸਾਲ 2023 ਵਿੱਚ ਸ਼੍ਰੀਲੰਕਾ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਆਮਦ 2022 ਦੇ ਮੁਕਾਬਲੇ ਦੁੱਗਣੀ ਹੋਈ। ਸੈਲਾਨੀਆਂ ਦੀ ਵਧਦੀ ਗਿਣਤੀ ਕਾਰਨ ਸ੍ਰੀਲੰਕਾ ਦੇ ਹਵਾਈ ਅੱਡਿਆਂ ਨੂੰ ਬੁਨਿਆਦੀ ਢਾਂਚੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ, ਉਮੀਦ ਕੀਤੀ ਜਾਂਦੀ ਹੈ ਕਿ ਪ੍ਰਾਈਵੇਟ ਕੰਪਨੀ ਦੇ ਆਉਣ ਨਾਲ, ਸੁਵਿਧਾਵਾਂ ਦਾ ਵਿਸਥਾਰ ਹੋਵੇਗਾ ਅਤੇ ਯਾਤਰੀਆਂ ਨੂੰ ਵਧੀਆ ਅਨੁਭਵ ਮਿਲੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।