ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਹੜ੍ਹਾਂ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਨੁਕਸਾਨੇ ਗਏ ਘਰਾਂ ਅਤੇ ਇਮਾਰਤਾਂ ਦੀ ਮੁਰੰਮਤ ਲਈ ਸਿੱਖ ਮੋਟਰਸਾਈਕਲ ਕਲੱਬ ਅੱਗੇ ਆਇਆ ਹੈ।
ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਸਿਰਫ਼ ਮੋਟਰਸਾਈਕਲ ਚਲਾਉਣਾ ਹੀ ਉਨ੍ਹਾਂ ਦਾ ਮਕਸਦ ਨਹੀਂ ਬਲਕਿ ਕਮਿਊਨਿਟੀ ਦੀ ਸੇਵਾ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ। ਮੋਟਰਸਾਈਕਲ ਕਲੱਬ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹੜ੍ਹਾਂ ਕਾਰਨ ਕੈਨੇਡਾ ਵਾਸੀਆਂ ਦੇ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ। ਉਨ੍ਹਾਂ ਕਿਹਾ ਸਾਨੂੰ ਪਤਾ ਹੈ ਕਿ ਕੈਨੇਡਾ ਵਾਸੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਅਸੀਂ ਵੀ ਇਕ ਸਮੂਹ ਦੇ ਰੂਪ ਵਿਚ ਲੋਕਾਂ ਦੀ ਮਦਦ ਕਰ ਰਹੇ ਹਾਂ ਜੋ ਆਪਣੇ ਘਰਾਂ ਨੂੰ ਮੁੜ ਰਹਿਣ ਲਾਇਕ ਬਣਾਉਣ ਦੇ ਸਮਰੱਥ ਨਹੀਂ।
ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਵੱਲੋਂ ਜੇ.ਸੀ.ਬੀ. ਮਸ਼ੀਨਾਂ, ਡੰਪ ਟਰੱਕ ਅਤੇ ਹੋਰ ਸਾਜ਼ੋ-ਸਾਮਾਨ ਪੀੜਤਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਘਰ ਨੂੰ ਮੁੜ ਰਹਿਣ ਦੇ ਲਾਇਕ ਬਣਾਉਣ ‘ਚ ਸਹਾਇਤਾ ਵੀ ਕੀਤੀ ਜਾ ਰਹੀ ਹੈ।