ਅੰਮ੍ਰਿਤਸਰ: ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਇੱਕ ਸਿੱਖ ਨੌਜਵਾਨ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਬਗੈਰ ਦਸਤਾਰ ਦੇ ਜਾਂਦੇ ਹੋਏ ਦੇਖਿਆ ਗਿਆ। ਇਹ ਨੌਜਵਾਨ ਸ਼ਨੀਵਾਰ 15 ਫਰਵਰੀ ਰਾਤ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਦੇ ਜੱਥੇ ਦਾ ਹਿੱਸਾ ਸੀ। ਜਦੋਂ ਉਸਦੀ ਨੰਗੇ ਸਿਰ ਵਾਲੀ ਫੋਟੋ ਵਾਇਰਲ ਹੋਈ, ਤਾਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਹ ਨੌਜਵਾਨ ਕੌਣ ਹੈ?
ਡੌਂਕੀ ਰਾਹੀਂ ਅਮਰੀਕਾ ਪਹੁੰਚਿਆ ਅੰਮ੍ਰਿਤਸਰ ਦਾ ਸਾਬਕਾ ਫ਼ੌਜੀ ਮਨਦੀਪ ਸਿੰਘ ਜਦੋਂ ਅਮਰੀਕਾ ਗਿਆ ਸੀ ਤਾਂ ਉਦੋਂ ਉਹ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਸੀ। ਪਰ ਜਦੋਂ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਭਾਰਤ ਪਰਤਿਆ ਤਾਂ ਇਸ ਗੱਲ ਨੂੰ ਲੈ ਕੇ ਦੁਖੀ ਹੈ ਉਹ ਸਾਬਤ ਸੂਰਤ ਸਿੱਖ ਵੀ ਨਹੀਂ ਰਿਹਾ।
ਅਮਰੀਕਾ ਤੋਂ ਡਿਪੋਰਟ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਧਾਰੀ ਹੋ ਕੇ ਵੀ ਉਸ ਨੂੰ ਦਾੜ੍ਹੀ ਤੇ ਕੇਸ ਕਤਲ ਕਰਵਾਉਣੇ ਪਏ। ਜਿਹੜੇ ਹਾਲਾਤਾਂ ‘ਚੋਂ ਮਨਦੀਪ ਸਿੰਘ ਨੂੰ ਲੰਘਣਾ ਪਿਆ, ਉਹ ਨਰਕ ਤੋਂ ਵੀ ਬੱਦਤਰ ਸਨ। ਉਸਨੇ ਦੱਸਿਆ ਕਿ ਅਮਰੀਕੀ ਫੌਜੀਆਂ ਨੇ ਉਸ ਤੋਂ ਕੜਾ ਵੀ ਉਤਰਵਾ ਲਿਆ ਸੀ ਤੇ ਉਸਦੀ ਪੱਗ ਉਤਾਰ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ।
ਨੌਜਵਾਨ ਨੇ ਦੱਸਿਆ ਕਿ ਜਦੋਂ ਉਸਨੂੰ ਦੇਸ਼ ਨਿਕਾਲਾ ਦਿੱਤਾ ਗਿਆ, ਤਾਂ ਉਸਦੇ ਹੱਥਾਂ ਅਤੇ ਪੈਰਾਂ ਵਿੱਚ ਹੱਥਕੜੀਆਂ ਅਤੇ ਬੇੜੀਆਂ ਲਗਾਈਆਂ ਗਈਆਂ। ਖਾਣ ਲਈ ਸਿਰਫ਼ ਸੇਬ, ਚਿਪਸ ਅਤੇ ਫਰੂਟੀ ਦਿੱਤੇ ਗਏ। ਉਸਨੇ ਦੱਸਿਆ ਕਿ ਉਸ ਨੇ ਕੁਝ ਨਹੀਂ ਖਾਧਾ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਨੂੰ ਬਾਥਰੂਮ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ। ਬਹੁਤੇ ਲੋਕਾਂ ਨੇ ਸਿਰਫ ਪਾਣੀ ਪੀ ਕੇ ਐਨੇ ਘੰਟੇ ਬਿਤਾਏ।
ਮਨਦੀਪ ਸਿੰਘ ਨੇ ਦੱਸਿਆ ਕਿ ਕਈ ਲੋਕ ਹਾਲੇ ਵੀ ਮੈਕਸੀਕੋ ਬਾਰਡਰ ਕੋਲ ਬੈਠੇ ਹਨ, ਉਹ ਨਾਂ ਤਾਂ ਵਾਪਸ ਆ ਸਕਦੇ ਹਨ ਤੇ ਅਮਰੀਕਾ ਨੇ ਵੀ ਸਖਤੀ ਵਧਾ ਦਿੱਤੀ ਹੈ ਤੇ ਜੇ ਉਹ ਕਿਸੇ ਤਰ੍ਹਾਂ ਚਲੇ ਵੀ ਜਾਂਦੇ ਹਨ ਤਾਂ ਡਿਪੋਰਟ ਹੋ ਜਾਣਗੇ।
ਮਨਦੀਪ ਸਿੰਘ ਭਾਰਤੀ ਫੌਜ ਵਿੱਚ ਸੀ। ਉਹ 17 ਸਾਲ ਦੀ ਸੇਵਾ ਤੋਂ ਬਾਅਦ ਉੱਥੋਂ ਸੇਵਾਮੁਕਤ ਹੋਏ। ਉਸਨੇ ਵਿਦੇਸ਼ ਜਾਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ। ਇਸ ਲਈ ਟ੍ਰੈਵਲ ਏਜੰਟਾਂ ਨਾਲ ਗੱਲ ਕੀਤੀ। ਏਜੰਟ ਨੇ ਕਿਹਾ ਕਿ ਇਸਦੀ ਕੀਮਤ 40 ਲੱਖ ਰੁਪਏ ਹੋਵੇਗੀ। ਉਹ ਉਸਨੂੰ ਅਮਰੀਕਾ ਭੇਜ ਦੇਵੇਗਾ। ਉਸ ਨੇ ਆਪਣੀ ਸੇਵਿੰਗ ਅਤੇ ਪਤਨੀ ਦੇ ਗਹਿਣੇ ਵੇਚ ਅਮਰੀਕਾ ਜਾਣ ਲਈ ਨਿਕਲ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।