ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ‘ਸਿੱਖ ਫੂਡ ਬੈਂਕ’ ਦਾ ਕੀਤਾ ਸਨਮਾਨ

TeamGlobalPunjab
3 Min Read

ਲੰਡਨ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਦੁਨੀਆ ਭਰ ‘ਚ ਘਰਾਂ ‘ਚ ਇਕਾਂਤਵਾਸ ਅਧੀਨ ਲੋਕਾਂ, ਬਜ਼਼ੁਰਗਾਂ ਜਾਂ ਬੇਘਰ ਲੋਕਾਂ ਤੱਕ ਭੋਜਨ ਪਹੁੰਚਾਉਣ ਲਈ ਸਿੱਖ ਭਾਈਚਾਰਾ ਮੋਹਰੀ ਰਿਹਾ ਹੈ। ਇਸੇ ਤਹਿਤ ਸਕੌਟਲੈਂਡ ‘ਚ 80 ਹਜ਼ਾਰ ਤੋਂ ਵੱਧ ਲੋਕਾਂ ਤੱਕ ਲੰਗਰ ਪਹੁੰਚਾਉਣ ਵਾਲੇ ਚਰਨਦੀਪ ਸਿੰਘ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵਿਸ਼ੇਸ਼ ਐਵਾਰਡ ਨਾਲ ਨਵਾਜਿਆ ਹੈ।

ਸਕੌਟਿਸ਼ ਚੈਂਬਰਜ਼ ਆਫ਼ ਕਮਰਸ ਦੇ ਡਿਪਟੀ ਚੀਫ਼ ਐਗਜ਼ਿਕਿਉਟਿਵ ਚਰਨਦੀਪ ਸਿੰਘ ਨੇ ਲਾਕਡਾਊਨ ਦੀ ਸ਼ੁਰੂਆਤ ਵਿਚ ‘ਸਿੱਖ ਫੂਡ ਬੈਂਕ’ ਦੀ ਸਥਾਪਨਾ ਕੀਤੀ ਅਤੇ ਲੋੜਵੰਦਾਂ ਤੱਕ ਲੰਗਰ ਪਹੁੰਚਾਇਆ। ਲੋਕ ਸੇਵਾ ਦੇ ਇਸ ਪ੍ਰਾਜੈਕਟ ਤਹਿਤ ਨਾ ਸਿਰਫ਼ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ ਸਗੋਂ ਜ਼ਰੂਰਤ ਦੀਆਂ ਹੋਰ ਚੀਜ਼ਾਂ ਦੁਕਾਨਾਂ ਤੋਂ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਅਦਾ ਕੀਤੀ ਗਈ।

ਲਾਕਡਾਊਨ ‘ਚ ਰਹਿ ਰਹੇ ਲੋਕਾਂ ਨਾਲ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਫੋਨ ਰਾਹੀਂ ਸੰਪਰਕ ਕਰ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਪੁੱਛਿਆ ਜਾਂਦਾ ਸੀ ਅਤੇ ਵਾਲੰਟੀਅਰ ਉਨ੍ਹਾਂ ਦੀ ਹਰ ਜ਼ਰੂਰਤ ਪੂਰੀ ਕਰਨ ਦਾ ਯਤਨ ਕਰਦੇ।

- Advertisement -

ਚਰਨਦੀਪ ਸਿੰਘ ਨੂੰ ਨਿੱਜੀ ਤੌਰ ‘ਤੇ ਲਿਖੀ ਚਿੱਠੀ ਵਿਚ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ, “ਪਿਛਲੇ ਕੁਝ ਮਹੀਨੇ ਦੌਰਾਨ ਸਾਨੂੰ ਅਜਿਹੀਆਂ ਕਈ ਕਹਾਣੀਆਂ ਸੁਣਨ ਨੂੰ ਮਿਲੀਆਂ ਜਿਨ੍ਹਾਂ ‘ਚੋਂ ਕਮਿਊਨਿਟੀ ਦੇ ਸੇਵਾਦਾਰਾਂ ਦਾ ਖ਼ਾਸ ਤੌਰ ਤੇ ਜ਼ਿਕਰ ਆਉਂਦਾ ਹੈ। ਇਸ ਲਈ ਮੈਨੂੰ ਨਿਜੀ ਤੌਰ ‘ਤੇ ਆਪ ਜੀ ਨੂੰ ਇਹ ਪੱਤਰ ਲਿਖ ਕੇ ਧੰਨਵਾਦ ਕਰ ਰਿਹਾ ਹਾਂ। ਸਿਰਫ਼ ਤੁਹਾਡਾ ਸ਼ੁਕਰੀਆ ਅਦਾ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਸਾਰੇ ਸੇਵਾਦਾਰਾਂ ਦਾ, ਜਿਨ੍ਹਾਂ ਨੇ ਸਿੱਖ ਫੂਡ ਬੈਂਕ ਰਾਹੀਂ ਲੋਕਾਂ ਵਿਚ ਨਵਾਂ ਵਿਸ਼ਵਾਸ ਪੈਦਾ ਕੀਤਾ। ਮੈਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਸਿੱਖ ਫੂਡ ਬੈਂਕ ਨੇ 80 ਹਜ਼ਾਰ ਖਾਣੇ ਦੇ ਪੈਕਟ ਲੋਕਾਂ ਤੱਕ ਪਹੁੰਚਾਏ। ਇਸ ਲਈ ਤੁਹਾਨੂੰ ਯੂ .ਕੇ . ਦਾ 1470ਵਾਂ ਪੁਆਇੰਟ ਆਫ਼ ਲਾਈਟ ਐਵਾਰਡ ਪ੍ਰਦਾਨ ਕੀਤਾ ਜਾਂਦਾ ਹੈ।

Share this Article
Leave a comment