ਇਨਫੋਰਸਮੈਂਟ ਡਾਇਰੈਕਟੋਰੇਟ ਹਰਿਆਣਾ ਦੇ ਕਾਂਗਰਸ ਵਿਧਾਇਕ ਧਰਮ ਸਿੰਘ ਛੌਕਰ ਦੇ ਪੁੱਤਰ ਸਿਕੰਦਰ ਸਿੰਘ ਨੂੰ ਘਰ ਖਰੀਦਦਾਰਾਂ ਦੇ ਪੈਸਿਆਂ ਨਾਲ ਕਥਿਤ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਸੂਬੇ ਦੇ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ ਵਿਧਾਨ ਸਭਾ ਸੀਟ ਤੋਂ ਵਿਧਾਇਕ 60 ਸਾਲਾ ਛੌਕਰ ਆਪਣੇ ਪੁੱਤਰਾਂ ਸਿਕੰਦਰ ਸਿੰਘ ਅਤੇ ਵਿਕਾਸ ਛੌਕਰ ਦੇ ਨਾਲ ਮਾਹਿਰਾ ਰੀਅਲ ਅਸਟੇਟ ਗਰੁੱਪ ਦਾ ‘ਮਾਲਕ ਅਤੇ ਪ੍ਰਮੋਟਰ’ ਦੱਸਿਆ ਜਾਂਦਾ ਹੈ।
ਪਿਛਲੇ ਸਾਲ ਜੁਲਾਈ ਵਿੱਚ ਈਡੀ ਨੇ ਵਿਧਾਇਕ, ਸਾਈ ਆਇਨਾ ਫਾਰਮਸ ਪ੍ਰਾਈਵੇਟ ਲਿਮਟਿਡ (ਹੁਣ ਮਾਹਿਰਾ ਇੰਫਰਾਟੇਕ ਪ੍ਰਾਈਵੇਟ ਲਿਮਟਿਡ), ਮਾਹਿਰਾ ਗਰੁੱਪ ਦੀਆਂ ਹੋਰ ਕੰਪਨੀਆਂ ਅਤੇ ਕੁਝ ਹੋਰਾਂ ਦੇ ਖਿਲਾਫ ਤਲਾਸ਼ੀ ਲਈ ਸੀ। ਈਡੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਦਾ ਮਾਮਲਾ ਗੁਰੂਗ੍ਰਾਮ ਪੁਲਿਸ ਵਲੋਂ ‘ਧੋਖਾਧੜੀ ਅਤੇ ਜਾਅਲਸਾਜ਼ੀ’ ਲਈ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ‘ਤੇ ਅਧਾਰਤ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ’ ਨੇ ਦਿੱਲੀ ਨੇੜੇ ਗੁਰੂਗ੍ਰਾਮ ਦੇ ਸੈਕਟਰ 68 ਵਿੱਚ ਮਕਾਨਾਂ ਦਾ ਵਾਅਦਾ ਕਰਕੇ ਕਿਫਾਇਤੀ ਆਵਾਸ ਯੋਜਨਾ ਦੇ ਤਹਿਤ 1,497 ਘਰ ਖਰੀਦਦਾਰਾਂ ਤੋਂ ਲਗਭਗ 360 ਕਰੋੜ ਰੁਪਏ ਇਕੱਠੇ ਕੀਤੇ। ਇਸ ਵਿੱਚ ਕਿਹਾ ਗਿਆ ਹੈ ਕਿ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਘਰਾਂ ਨੂੰ ਡਿਲੀਵਰ ਕਰਨ ਵਿੱਚ “ਅਸਫ਼ਲ” ਰਹੀ ਹੈ ਅਤੇ ਕਈ ਵਾਰ “ਖੁੰਝ ਗਈ” ਸੀ। ਏਜੰਸੀ ਨੇ ਕਿਹਾ ਕਿ ਘਰ ਦੇ ਖਰੀਦਦਾਰ ਪਿਛਲੇ ਇਕ ਸਾਲ ਤੋਂ ਮਾਹਿਰਾ ਗਰੁੱਪ ਦੇ ਖਿਲਾਫ ਵਾਦੇ ਮੁਤਾਬਕ ਜਲਦੀ ਤੋਂ ਜਲਦੀ ਘਰ ਦੀ ਡਿਲੀਵਰੀ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਜਾਂਚ ਵਿੱਚ ਪਾਇਆ ਗਿਆ ਕਿ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ ਨੇ ਗਰੁੱਪ ਯੂਨਿਟਾਂ ਵਿੱਚ ਜਾਅਲੀ ਉਸਾਰੀ ਖਰਚੇ ਦਿਖਾ ਕੇ ਘਰ ਖਰੀਦਦਾਰਾਂ ਦੇ ਪੈਸੇ ਦੀ ਠੱਗੀ ਮਾਰੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਮਾਹਿਰਾ ਗਰੁੱਪ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਵੱਲੋਂ ਫਰਜ਼ੀ ਬਿੱਲ ਅਤੇ ਚਲਾਨ ਮੁਹੱਈਆ ਕਰਵਾ ਕੇ ਇਕਾਈਆਂ ਤੋਂ ਜਾਅਲੀ ਖਰੀਦ ਦੇ ਬਰਾਬਰ ਨਕਦੀ ਵਸੂਲ ਕੀਤੀ ਗਈ ਸੀ, ਜਿਸ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ ਗਈ ਸੀ।