ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਹੈ। ਚਰਨ ਕੌਰ ਨੇ ਸਿੱਧੂ ਦੇ ਕਾਤਲਾਂ ਅਤੇ ਉਸ ਖ਼ਿਲਾਫ਼ ਸਾਜ਼ਿਸ ਰਚਣ ਵਾਲਿਆਂ ਬਾਰੇ ਕਿਹਾ ਹੈ ਕਿ ਉਸ ਨੂੰ ਵਾਹਿਗੁਰੂ ‘ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਕੀਤੇ ਜੁਰਮ ਜ਼ਰੂਰ ਸਾਬਿਤ ਹੋਵੇਗਾ।
ਪੁੱਤ ਦੀ ਤਸਵੀਰ ਸਾਂਝੀ ਕਰਦਿਆਂ ਚਰਨ ਕੌਰ ਨੇ ਲਿਖਿਆ, ‘ਸ਼ੁੱਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿਚੋਂ ਹੀ ਲੱਭਦਾ ਹੈ। ਜਦੋਂ ਤੱਕ ਉਰੇ ਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਹੈ। ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਕਿਉਂ ? ਕਿਉਂਕਿ ਇਸੇ ਮਿੱਟੀ ‘ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਦੀ ਸੀ, ਇਸੇ ਲਈ ਸ਼ੁੱਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ, ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕਿੱਤੇ ਦੀ ਕਦਰ ਕਰੋ। ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡਾ ਨਾਂ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ। ਸ਼ੁੱਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਹੈ ਪੁੱਤ ਕਿ ਉਨ੍ਹਾਂ ਦਾ ਕੀਤਾ ਜੁਰਮ ਉਨ੍ਹਾਂ ਦੇ ਨਾਂ ਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਵੇਗਾ।’
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।