ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦੋ ਸਾਲ ਪਹਿਲਾਂ ਕਤਲ ਹੋ ਗਿਆ ਸੀ ਪਰ ਇਸ ਮਾਮਲੇ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਮੁਲਜ਼ਮਾਂ ਨੂੰ ਸੁੰਨਸਾਨ ਥਾਂ ‘ਤੇ ਏਕੇ 47 ਨਾਲ ਫਾਇਰਿੰਗ ਕਰਦੇ ਹੋਏ ਦੇਖਿਆ ਸੀ।
ਕਾਤਲਾਂ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਇਸ ਲਈ ਉਨ੍ਹਾਂ ਨੇ ਇਸ ਨੂੰ ਪੈਕ ਕਰ ਲਿਆ। ਉਹਨਾਂ ਨੇ ਮੂਸੇਵਾਲਾ ਨੂੰ ਮਾਰਨ ਲਈ ਪਹਿਲਾਂ ਪੁਲਿਸ ਦੇ ਭੇਸ ਵਿੱਚ ਆਉਣ ਦੀ ਯੋਜਨਾ ਬਣਾਈ ਸੀ।
ਇਸ ਕਤਲ ਕਾਂਡ ਦੇ ਇੱਕ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲੀਸ ਪੁੱਛਗਿੱਛ ਦੌਰਾਨ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫ਼ੌਜੀ, ਦੀਪਕ ਮੁੰਡੀ ਸਮੇਤ ਬਾਕੀ ਸਾਰਿਆਂ ਨੇ ਪਿਸਤੌਲ ਸਣੇ ਏ.ਕੇ. 47 ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ‘ਚ ਸੁੰਨਸਾਨ ਥਾਂ ‘ਤੇ ਚੈਕਿੰਗ ਕੀਤੀ ਸੀ।
ਇਸ ਤੋਂ ਇਲਾਵਾ ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰੇਨੇਡ ਦੀ ਵਰਤੋਂ ਕਰਕੇ ਚੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਹਨਾਂ ਤੋਂ ਗ੍ਰਨੇਡ ਨਹੀਂ ਚੱਲਿਆ ਤਾਂ ਇਸ ਨੂੰ ਪੈਕ ਕਰਕੇ ਦੂਰ ਰੱਖ ਦਿੱਤਾ।
ਗੋਲਡੀ ਬਰਾੜ ਨੇ ਮੁਹੱਈਆ ਕਰਵਾਏ ਸਨ ਹਥਿਆਰ
ਸੂਤਰਾਂ ਨੇ ਦੱਸਿਆ ਕਿ ਗਾਇਕ ਮੂਸੇਵਾਲਾ ਨੂੰ ਭਾਰੀ ਪੁਲੀਸ ਸੁਰੱਖਿਆ ਸੀ, ਜਿਸ ਕਾਰਨ ਗੈਂਗਸਟਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਵੱਡੀ ਗਿਣਤੀ ‘ਚ ਪਿਸਤੌਲ ਅਤੇ ਏਕੇ 47 ਦਿੱਤੇ ਸਨ। ਉਨ੍ਹਾਂ ਨੇ ਮਿਲ ਕੇ ਯੋਜਨਾ ਬਣਾਈ ਸੀ ਕਿ ਮੂਸੇਵਾਲਾ ਨੂੰ ਮਾਰਨ ਲਈ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਰੂਪਾ ਤਿੰਨ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਮੂਸੇਵਾਲਾ ਦੇ ਘਰ ਜਾਅਲੀ ਪੁਲੀਸ ਵਾਲਾ ਬਣ ਕੇ ਆਉਣਗੇ। ਪਰ ਪੁਲੀਸ ਦੀ ਵਰਦੀ ਦਾ ਸਾਮਾਨ ਪੂਰਾ ਨਹੀਂ ਸੀ ਅਤੇ ਦੋ ਲੜਕੀਆਂ ਵੀ ਨਹੀਂ ਮਿਲੀਆਂ ਸਨ, ਇਸ ਲਈ ਗੋਲਡੀ ਬਰਾੜ ਵੱਲੋਂ ਇਹ ਯੋਜਨਾ ਰੱਦ ਕਰ ਦਿੱਤੀ ਗਈ ਸੀ।
ਇਸ ਤੋਂ ਬਾਅਦ ਜਦੋਂ ਮੂਸੇਵਾਲਾ ਦੀ ਪੁਲੀਸ ਸੁਰੱਖਿਆ ਹਟਾਈ ਗਈ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਕੇਸ਼ਵ ਨੂੰ ਫੋਨ ਕਰਕੇ ਕਿਹਾ ਕਿ ਹੁਣ ਮੂਸੇਵਾਲਾ ਕੋਲ ਕੋਈ ਸੁਰੱਖਿਆ ਨਹੀਂ ਹੈ, ਤੁਸੀਂ ਫਤਿਹਾਬਾਦ ਜਾ ਕੇ ਆਪਣੇ ਸਾਰੇ ਸਾਥੀਆਂ ਨੂੰ ਮਾਨਸਾ ਲੈ ਕੇ ਆਓ। ਇਸ ਤੋਂ ਬਾਅਦ ਕੇਸ਼ਵ ਬਾਈਕ ‘ਤੇ ਫਤਿਹਾਬਾਦ ਗਿਆ ਅਤੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਨਾਲ ਮਾਨਸਾ ਲੈ ਆਇਆ।
ਮੁਲਜ਼ਮ ਨੇ ਆਪਣਾ ਮੋਟਰਸਾਈਕਲ ਅੱਗੇ ਲਗਾ ਦਿੱਤਾ ਜਦਕਿ ਹੋਰ ਸਾਥੀ ਵਾਹਨਾਂ ਸਮੇਤ ਉਸ ਦਾ ਪਿੱਛਾ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਫਰਜ਼ੀ ਪੁਲੀਸ ਮੁਲਾਜ਼ਮ ਬਣਾ ਕੇ ਅਤੇ ਲੜਕੀਆਂ ਨੂੰ ਇਸ ਸਕੀਮ ਵਿੱਚ ਸ਼ਾਮਲ ਕਰਕੇ ਕਤਲ ਕਰਨ ਦੀ ਯੋਜਨਾ ਬਣਾਈ ਗਈ ਤਾਂ ਸਾਰੇ ਮੁਲਜ਼ਮ ਰਾਤ ਸਮੇਂ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ ਵਿੱਚ ਸੁੰਨਸਾਨ ਜਗ੍ਹਾ ਵਿੱਚ ਇੱਕ ਕਮਰੇ ਵਿੱਚ ਰੁਕੇ। ਉੱਥੇ ਸਾਰਿਆਂ ਨੇ ਫਾਇਰਿੰਗ ਕੀਤੀ ਸੀ ਅਤੇ ਆਪਣੇ-ਆਪਣੇ ਪਿਸਤੌਲ ਅਤੇ ਏ.ਕੇ. 47 ਦੀ ਜਾਂਚ ਕੀਤੀ ਸੀ।
ਫਾਇਰਿੰਗ ਕਰਨ ਅਤੇ ਹਥਿਆਰਾਂ ਦੀ ਜਾਂਚ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ ਪੰਜ ਵਜੇ ਖੇਤ ਛੱਡ ਕੇ ਮਾਨਸਾ ਵੱਲ ਚਲੇ ਗਏ। ਕੇਸ਼ਵ ਵੱਲੋਂ ਪੁਲੀਸ ਨੂੰ ਦੱਸੇ ਅਨੁਸਾਰ ਜਦੋਂ ਸਾਰੇ ਮੁਲਜ਼ਮ ਖੇਤਾਂ ਵਿੱਚੋਂ ਨਿਕਲ ਕੇ ਮਾਨਸਾ ਵੱਲ ਨੂੰ ਨਿੱਕਲੇ ਤਾਂ ਸਕਾਰਪੀਓ ਵਿੱਚ ਤਿੰਨ ਪੰਜਾਬੀ ਲੜਕੇ ਅਤੇ ਸ਼ੂਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਰੂਪਾ ਸਵਾਰ ਸਨ, ਜਦੋਂਕਿ ਦੂਜੀ ਬੋਲੈਰੋ ਗੱਡੀ ਵਿੱਚ ਪ੍ਰਿਆਵਰਤ ਫੌਜੀ, ਕੇਸ਼ਵ , ਦੀਪਕ ਮੁੰਡੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸਵਾਰ ਸਨ। ਦੋਵੇਂ ਗੱਡੀਆਂ ਡੱਬਵਾਲੀ ਤੋਂ ਹੀ ਵੱਖ ਹੋ ਗਈਆਂ। ਕਿਉਂਕਿ ਸਕਾਰਪੀਓ ਕਾਰ ‘ਚ ਸਵਾਰ ਪੁਲਿਸ ਦੀ ਵਰਦੀ ਪੂਰੀ ਕਰਨ ਲਈ ਸਮਾਨ ਲੈਣ ਲਈ ਕਹਿ ਕੇ ਚਲੇ ਗਏ ਸਨ।