ਵਿਵਾਦਾਂ ‘ਚ ਘਿਰੇ ਸਿੱਧੂ ਮੂਸੇਵਾਲਾ, ਨਵੇਂ ਗਾਣੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਾਰੀ ਸੱਟ

TeamGlobalPunjab
3 Min Read

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬੀ ਫਿਲਮ ਅੜਬ ਜੱਟੀ ਲਈ ਗਾਇਆ ਗੀਤ ਵਿਵਾਦਾਂ ਵਿੱਚ ਆ ਗਿਆ ਹੈ। ਸਿੱਧੂ ਨੇ ਇਸ ਗੀਤ ‘ਚ ਸਿੱਖ ਕੌਮ ਦੀ ਮਹਾਨ ਜਰਨੈਲ ਮਾਈ ਭਾਗੋ ਦੀ ਤੁਲਣਾ ਗਾਣੇ ‘ਚ ਮੌਜੂਦ ਕੁੜੀ ਨਾਲ ਕਰ ਦਿੱਤੀ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚੀ ਹੈ। ਇਸ ਗੀਤ ਦਾ ਵਿਰੋਧ ਕਰਦੇ ਹੋਏ ਸਿੱਖ ਜੱਥੇਬੰਦੀਆਂ ਨੇ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ।

ਪਰ ਸਿੱਧੂ ਮੂਸੇਵਾਲੇ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਆਪਣੇ ਇਹਨਾਂ ਸ਼ਬਦਾਂ ਲਈ ਸਭ ਤੋਂ ਮਾਫੀ ਮੰਗੀ ਹੈ। ਪਰ ਇਸ ਮਾਫੀ ਦਾ ਅਸਰ ਲੋਕਾਂ ‘ਤੇ ਨਹੀਂ ਪਿਆ ਲੱਗਦਾ ‘ਤੇ ਇਸਤੇ ਕਾਰਵਾਈ ਕਰਨ ਲਈ ਪੁਲਿਸ ਵੀ ਸਿੱਧੂ ਮੂਸੇਵਾਲੇ ਦੇ ਘਰ ਪਹੁੰਚ ਗਈ ਤੇ ਨਾਲ ਹੀ ਲੋਕਾਂ ਨੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ। ਉੱਥੇ ਹੀ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਵੀ ਆਪਣੇ ਵੱਲੋਂ ਮਾਫੀ ਮੰਗੀ ਹੈ।

- Advertisement -

ਸਿੱਧੂ ਨੇ ਲਾਈਵ ਹੋ ਕੇ ਕਿਹਾ ਮੇਰੇ ਤੋਂ ਅਣਜਾਣੇ ‘ਚ ਗਲਤੀ ਹੋਈ ਹੈ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਕਿਹਾ ਕਿ ਇਹ ਗਾਣਾ ਲਿਖਣ ਪਿੱਛੇ ਮੇਰਾ ਕਹਿਣ ਦਾ ਮਤਲਬ ਕੁੱਝ ਹੋਰ ਸੀ ਪਰ ਇਹ ਗੱਲ ਗਲਤ ਤਰੀਕੇ ਨਾਲ ਜੁੜ ਗਈ। ਮੂਸੇਵਾਲੇ ਨੇ ਕਿਹਾ ਕਿ ਮੈਂ ਗਲਤੀ ਕੀਤੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਭ ਤੋਂ ਮਾਫ਼ੀ ਮੰਗਦਾ ਹਾਂ ਤੇ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤੇ ਮੈਂ ਕੁਝ ਗਲਤ ਕੀਤਾ ਤਾਂ ਮੈਂ ਗਾਣੇ ‘ਚੋਂ ਪੂਰਾ ਪੈਰਾ ਹੀ ਕੱਟ ਦਵਾਂਗਾ।

ਸਿੱਧੂ ਨੇ ਇਸ ਗਾਣੇ ਪਿੱਛੇ ਵਜ੍ਹਾ ਦੱਸਦੇ ਹੋਏ ਕਿਹਾ ਕਿ ਇਹ ਗਾਣਾ ਇੱਕ ਅਜਿਹੀ ਕੁੜੀ ਨੂੰ ਦਰਸਾਉਂਦਾ ਹੈ ਜਿਹੜੀ ਬਹੁਤ ਸੰਸਕਾਰੀ ਹੈ। ਜਿਸ ਨੇ ਕੋਈ ਗਲਤ ਕੰਮ ਨਹੀਂ ਕੀਤੇ ਤੇ ਉਹ ਛੋਟੇ ਹੁੰਦੇ ਤੋਂ ਤਲਵਾਰ ਨਾਲ ਖੇਡਦੀ ਆਈ ਹੈ। ਬੇਸ਼ੱਕ ਉਹ ਮਾਡਰਨ ਹੈ ਪਰ ਉਹ ਸੰਸਕਾਰੀ ਹੈ ਤੇ ਲੋੜ ਪੈਣ ਤੇ ਮਾਈ ਭਾਗੋ ਵਾਂਗ ਤਲਵਾਰ ਵੀ ਚੁੱਕ ਸਕਦੀ ਹੈ।

ਉੱਥੇ ਹੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਚੈਨ ਸਿੰਘ ਤੇ ਹਰਜਿੰਦਰ ਸਿੰਘ ਨੇ ਥਾਣਾ ਸਦਰ ਮਾਨਸਾ ‘ਚ ਲਿਖਤੀ ਸ਼ਿਕਾਇਤ ਕਰਕੇ ਗਾਇਕ ‘ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ।ਥਾਣਾ ਸਦਰ ਮਾਨਸਾ ਦੇ ਐੱਸਆਈ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਾਇਕ ਸਿੱਧੂ ਮੂਸੇਵਾਲੇ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਮਿਲੀ ਹੈ। ਜਿਸ ਲਈ ਪੁਲਿਸ ਨੇ ਗੀਤ ਦੀ ਸੀਡੀ ਦੀ ਕਾਪੀ ਮੰਗਵਾਈ ਹੈ ਜਾਂਚ ਤੋਂ ਬਾਅਦ ਉਸ ‘ਤੇ ਕਾਰਵਾਈ ਕੀਤੀ ਜਾਵੇਗੀ ।

Share this Article
Leave a comment