ਅਮਰੀਕਾ: ਲੁਈਸਿਆਨਾ ਦੇ ਸ਼੍ਰੇਵਪੋਰਟ ਵਿੱਚ ਇੱਕ ਦਰਦਨਾਕ ਗੋਲੀਬਾਰੀ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ । ਇਸ ਹਮਲੇ ਵਿੱਚ 1 ਤੋਂ 14 ਸਾਲ ਦੀ ਉਮਰ ਦੇ ਅੱਠ ਬੱਚੇ ਮਾਰੇ ਗਏ। ਕੁੱਲ 10 ਲੋਕਾਂ ਨੂੰ ਗੋਲੀ ਲੱਗੀ। ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾਵਾਂ ਤਿੰਨ ਵੱਖ-ਵੱਖ ਥਾਵਾਂ ‘ਤੇ ਵਾਪਰੀਆਂ।
ਦੱਸ ਦਈਏ ਪੁਲਿਸ ਦੇ ਅਨੁਸਾਰ ਇਹ ਘਟਨਾ ਘਰੇਲੂ ਝਗੜੇ ਨਾਲ ਸ਼ੁਰੂ ਹੋਈ ਸੀ। ਘਰ ਦੇ ਅੰਦਰ ਝਗੜਾ ਹਿੰਸਾ ਵਿੱਚ ਬਦਲ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਦੇ ਬੱਚਿਆਂ ਨਾਲ ਪਰਿਵਾਰਕ ਸਬੰਧ ਸਨ ਅਤੇ ਕੁਝ ਬੱਚੇ ਉਸਦੇ ਆਪਣੇ ਪਰਿਵਾਰ ਦੇ ਸਨ। ਪੁਲਿਸ ਇਸ ਸਮੇਂ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿਵੇਂ ਅਤੇ ਕਿਉਂ ਹੋਇਆ।
ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਇਹ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ। ਪੁਲਿਸ ਬੁਲਾਰੇ ਕ੍ਰਿਸਟੋਫਰ ਬੋਰਡੇਲਨ ਨੇ ਕਿਹਾ ਕਿ ਪਹਿਲਾ ਸਥਾਨ ਵੈਸਟ 79ਵੀਂ ਸਟਰੀਟ ਦਾ 300 ਬਲਾਕ ਸੀ, ਜਿੱਥੇ ਮੁੱਖ ਗੋਲੀਬਾਰੀ ਹੋਈ ਸੀ। ਦੂਜਾ ਸਥਾਨ ਹੈਰੀਸਨ ਸਟਰੀਟ ਸੀ, ਜਿੱਥੇ ਇੱਕ ਸੰਬੰਧਿਤ ਗੋਲੀਬਾਰੀ ਹੋਈ ਸੀ। ਤੀਜਾ ਸਥਾਨ ਇੱਕ ਗੁਆਂਢੀ ਦਾ ਘਰ ਸੀ, ਜੋ ਕਿ ਵੈਸਟ 79ਵੀਂ ਸਟਰੀਟ ‘ਤੇ ਸੀ, ਜਿੱਥੇ ਗੋਲੀਬਾਰੀ ਤੋਂ ਬਾਅਦ ਇੱਕ ਜ਼ਖਮੀ ਪੀੜਤ ਭੱਜ ਗਿਆ ਸੀ। ਪੁਲਿਸ ਬੁਲਾਰੇ ਨੇ ਕਿਹਾ ਕਿ ਇਹ ਇੱਕ ਵੱਡਾ ਅਤੇ ਗੁੰਝਲਦਾਰ ਅਪਰਾਧ ਦ੍ਰਿਸ਼ ਸੀ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਗੋਲੀਬਾਰੀ ਤੋਂ ਤੁਰੰਤ ਬਾਅਦ ਸ਼ੱਕੀ ਮੌਕੇ ਤੋਂ ਭੱਜ ਗਿਆ। ਭੱਜਦੇ ਸਮੇਂ ਉਸਨੇ ਵੈਸਟ 79ਵੀਂ ਸਟਰੀਟ ਅਤੇ ਲਿਨਵੁੱਡ ਦੇ ਚੌਰਾਹੇ ਦੇ ਨੇੜੇ ਇੱਕ ਵਾਹਨ ਨੂੰ ਵੀ ਚੋਰੀ ਕਰ ਲਿਆ। ਸ਼੍ਰੇਵਪੋਰਟ ਪੁਲਿਸ ਨੇ ਉਸਦਾ ਪਿੱਛਾ ਕੀਤਾ ਅਤੇ ਅਰੋਪੀ ਭੱਜਦੇ ਹੋਏ ਗੁਆਂਢੀ ਸ਼ਹਿਰ ਬੋਸੀਅਰ ਸਿਟੀ ਵੱਲ ਗਿਆ। ਪੁਲਿਸ ਨੇ ਅਰੋਪੀ ਨੂੰ ਉੱਥੇ ਗੋਲੀ ਮਾਰ ਦਿੱਤੀ । ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਇਕੱਲਾ ਵਿਅਕਤੀ ਸੀ ਜਿਸਨੇ ਤਿੰਨੋਂ ਥਾਵਾਂ ‘ਤੇ ਗੋਲੀਆਂ ਚਲਾਈਆਂ ਸਨ। ਪਿੱਛਾ ਕਰਨ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ।
ਇਸ ਘਟਨਾ ਵਿੱਚ ਮਾਰਿਆ ਗਿਆ ਸਭ ਤੋਂ ਛੋਟਾ ਬੱਚਾ ਸਿਰਫ਼ 1 ਸਾਲ ਦਾ ਸੀ, ਜਦੋਂ ਕਿ ਸਭ ਤੋਂ ਵੱਡਾ ਬੱਚਾ ਲਗਭਗ 14 ਸਾਲ ਦਾ ਸੀ। ਇੰਨੇ ਛੋਟੇ ਬੱਚਿਆਂ ਦੀ ਮੌਤ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਅਨੁਸਾਰ ਕੁਝ ਬੱਚੇ ਦੋਸ਼ੀ ਦੇ ਆਪਣੇ ਪਰਿਵਾਰ ਦੇ ਸਨ।
ਸ਼ਹਿਰ ਦੇ ਮੇਅਰ ਟੌਮ ਆਰਸੀਨੌਕਸ ਨੇ ਇਸ ਘਟਨਾ ਨੂੰ ਸ਼ਹਿਰ ਵਿੱਚ ਹੁਣ ਤੱਕ ਦੀ ਸਭ ਤੋਂ ਦੁਖਦਾਈ ਘਟਨਾ ਦੱਸਿਆ। ਪੁਲਿਸ ਮੁਖੀ ਵੇਨ ਸਮਿਥ ਨੇ ਕਿਹਾ ਕਿ ਇਹ ਘਟਨਾ ਇੰਨੀ ਭਿਆਨਕ ਸੀ ਕਿ ਉਹ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਅਧਿਕਾਰੀਆਂ ਨੇ ਜਨਤਾ ਨੂੰ ਸਬਰ ਅਤੇ ਸਹਿਯੋਗ ਦੀ ਅਪੀਲ ਕੀਤੀ।
ਦੂਜੇ ਪਾਸੇ ਸਥਾਨਕ ਪੁਲਿਸ ਦੀ ਬੇਨਤੀ ‘ਤੇ, ਲੁਈਸਿਆਨਾ ਸਟੇਟ ਪੁਲਿਸ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਹ ਕਿਸੇ ਵੀ ਵਿਅਕਤੀ ਨੂੰ ਅਪੀਲ ਕਰ ਰਹੇ ਹਨ ਜਿਸ ਕੋਲ ਇਸ ਘਟਨਾ ਬਾਰੇ ਫੋਟੋਆਂ, ਵੀਡੀਓ ਜਾਂ ਜਾਣਕਾਰੀ ਹੈ, ਉਹ ਅੱਗੇ ਆਉਣ। ਹਮਲੇ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ, ਅਤੇ ਜਾਂਚ ਜਾਰੀ ਹੈ।

