ਅਮਰੀਕਾ ‘ਚ ਫਿਰ ਹੋਈ ਗੋਲੀਬਾਰੀ, ਚਾਰ ਦੀ ਮੌਤ, ਹਮਲਾਵਰ ਗ੍ਰਿਫਤਾਰ

Rajneet Kaur
2 Min Read

ਹੈਂਪਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਜਾਰਜੀਆ ‘ਚ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।  ਹੈਨਰੀ ਕਾਉਂਟੀ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਅਟਲਾਂਟਾ ਤੋਂ ਲਗਭਗ 30 ਮੀਲ (48 ਕਿਲੋਮੀਟਰ) ਦੱਖਣ ਵਿੱਚ ਹੈਮਪਟਨ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ  ਵਾਪਰੀ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਂਪਟਨ ਪੁਲਿਸ ਮੁਖੀ ਜੇਮਸ ਟਰਨਰ ਨੇ  ਦੱਸਿਆ ਕਿ ਗੋਲੀਬਾਰੀ ਵਿੱਚ ਸ਼ਾਮਿਲ 40 ਸਾਲਾ ਆਂਦਰੇ ਲੋਂਗਮੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਟਰਨਰ ਨੇ ਦੱਸਿਆ ਕਿ ਪੁਲਿਸ ਦੀਆਂ ਚਾਰ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।  ਗ੍ਰਿਫਤਾਰ ਕੀਤਾ ਗਿਆ ਸ਼ੱਕੀ ਹਮਲਾਵਰ ਹੈਂਪਟਨ ਦਾ ਰਹਿਣ ਵਾਲਾ ਹੈ। ਫਿਲਹਾਲ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਹਮਲਾਵਰ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਫਰਾਰ ਸੀ। ਦੱਸ ਦੇਈਏ ਕਿ ਜਿੱਥੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉੱਥੇ ਦੀ ਆਬਾਦੀ 8,500 ਦੇ ਕਰੀਬ ਹੈ।

ਫਿਲਹਾਲ ਅਧਿਕਾਰੀਆਂ ਨੇ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਦੱਸ ਦੇਈਏ ਕਿ ਇਸ ਸਾਲ ਅਮਰੀਕਾ ਵਿੱਚ ਗੋਲੀਬਾਰੀ ਦੀ ਇਹ 31ਵੀਂ ਘਟਨਾ ਹੈ। ਇਨ੍ਹਾਂ ਘਟਨਾਵਾਂ ‘ਚ ਹੁਣ ਤੱਕ 153 ਲੋਕਾਂ ਦੀ ਜਾਨ ਜਾ ਚੁੱਕੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment