ਸਾਬਕਾ DGP ਮੁਹੰਮਦ ਮੁਸਤਫਾ ਤੇ ਰਜ਼ੀਆ ਸੁਲਤਾਨਾ ਦੇ ਪੁੱਤਰ ਦਾ ਅਚਨਚੇਤ ਦੇਹਾਂਤ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦਾ ਪੁੱਤਰ ਆਕਿਲ ਅਖਤਰ ਦਾ 35 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਨੌਜਵਾਨ ਦੀ ਮੌਤ ਦੇ ਪਿੱਛੇ ਅਜੇ ਤੱਕ ਕਾਰਨ ਸਪੱਸ਼ਟ ਨਹੀਂ ਹੋਏ ਹਨ।

ਮੁੱਢਲੀ ਜਾਣਕਾਰੀ ਅਨੁਸਾਰ, ਆਕਿਲ ਦੀ ਮੌਤ ਦਵਾਈ ਦੀ ਵਧੇਰੇ ਖੁਰਾਕ ਲੈਣ ਕਾਰਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਾਬਕਾ ਡੀਜੀਪੀ ਦਾ ਪਰਿਵਾਰ ਹੁਣ ਹਰਿਆਣਾ ਦੇ ਪੰਚਕੂਲਾ ਵਿੱਚ ਮਨਸਾ ਦੇਵੀ ਦੇ ਸੈਕਟਰ 4 ਵਿੱਚ ਰਹਿੰਦਾ ਹੈ।

ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਆਕਿਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਪੰਚਕੂਲਾ ਦੇ ਸੈਕਟਰ 6 ਵਿਖੇ ਸਥਿਤ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਲਿਜਾਇਆ ਗਿਆ, ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੁਹੰਮਦ ਮੁਸਤਫਾ 2021 ਵਿੱਚ ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਅਤੇ ਉਸ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਏ। ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀਆਂ ਨੇੜਲੀਆਂ ਰਿਸ਼ਤੇ ਵੀ ਰਹੇ ਹਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਕਿਲ ਵਿਆਹਿਆ ਹੋਇਆ ਸੀ ਅਤੇ ਉਸ ਦੇ ਇੱਕ ਪੁੱਤਰ ਅਤੇ ਇੱਕ ਧੀ ਹੈ। ਉਸ ਦੇ ਪਿਤਾ ਮੁਹੰਮਦ ਮੁਸਤਫਾ ਨੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਵੇਰੇ ਤੜਕੇ ਸਹਾਰਨਪੁਰ ਜ਼ਿਲ੍ਹੇ ਦੇ ਹਰਦਾ ਵਿੱਚ ਆਪਣੇ ਜੱਦੀ ਪਿੰਡ ਲਈ ਰਵਾਨਾ ਹੋ ਗਏ।

ਆਕਿਲ ਦੀ ਮਾਂ ਰਜ਼ੀਆ ਕਾਂਗਰਸ ਵਿੱਚ ਮੰਤਰੀ ਰਹੀ

ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ, ਜੋ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੀ। 2022 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਪਰ ਮਲੇਰਕੋਟਲਾ ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਮੁਹੰਮਦ ਜਮੀਲ ਉਰ ਰਹਿਮਾਨ ਨੇ ਰਜ਼ੀਆ ਨੂੰ 21,686 ਵੋਟਾਂ ਨਾਲ ਹਰਾ ਦਿੱਤਾ।

ਮੁਹੰਮਦ ਮੁਸਤਫਾ ਨੂੰ ਪੰਜ ਬਹਾਦਰੀ ਪੁਰਸਕਾਰ ਵੀ ਮਿਲੇ ਹਨ ਅਤੇ ਉਹ 28 ਫਰਵਰੀ 2021 ਨੂੰ ਰਿਟਾਇਰ ਹੋਏ। ਰਿਟਾਇਰਮੈਂਟ ਤੋਂ ਬਾਅਦ ਸਿੱਧੂ ਨੇ ਉਨ੍ਹਾਂ ਨੂੰ ਆਪਣਾ ਸਲਾਹਕਾਰ ਬਣਾਇਆ ਸੀ।

Share This Article
Leave a Comment