ਸਰਕਾਰੀ ਬੱਸਾਂ ਲਈ ਡੀਜ਼ਲ ‘ਤੇ 2.29 ਰੁਪਏ ਪ੍ਰਤੀ ਲੀਟਰ ਦੀ ਛੋਟ, 2023-24 ਦੌਰਾਨ ਹੋਵੇਗੀ 15 ਕਰੋੜ ਰੁਪਏ ਤੋਂ ਵੱਧ ਦੀ ਬੱਚਤ

Rajneet Kaur
3 Min Read

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਬੱਸ ਸੇਵਾ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਤਹਿਤ ਬਾਜ਼ਾਰੀ ਕੀਮਤ ਨਾਲੋਂ ਘੱਟ ਮੁੱਲ ‘ਤੇ ਡੀਜ਼ਲ ਖ਼ਰੀਦਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨਾਲ ਸਮਝੌਤਾ ਸਹੀਬੱਧ ਕੀਤਾ ਹੈ । ਜਿਸ ਤਹਿਤ ਸਰਕਾਰ ਨੂੰ 2.29 ਰੁਪਏ ਪ੍ਰਤੀ ਲੀਟਰ ਘੱਟ ਮੁੱਲ ‘ਤੇ ਡੀਜ਼ਲ ਮਿਲਣਾ ਸ਼ੁਰੂ ਹੋ ਗਿਆ ਹੈ।

ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਮਝੌਤੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਨੇ PRTC  ਦੇ 9 ਡਿਪੂਆਂ ਅਤੇ ਪੰਜਾਬ ਰੋਡਵੇਜ਼/ਪਨਬੱਸ ਦੇ 18 ਡਿਪੂਆਂ ਵਿੱਚ ਲੱਗੇ ਆਪਣੇ ਡੀਜ਼ਲ ਡਿਸਪੈਂਸਿੰਗ ਯੂਨਿਟਾਂ ਰਾਹੀਂ 3 ਅਪ੍ਰੈਲ ਤੋਂ 15 ਮਈ, 2023 ਤੱਕ ਸਰਕਾਰੀ ਬੱਸਾਂ ਲਈ 78.77 ਲੱਖ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਅਤੇ ਘੱਟ ਕੀਮਤ ‘ਤੇ ਤੇਲ ਲੈ ਕੇ ਟਰਾਂਸਪੋਰਟ ਵਿਭਾਗ ਨੂੰ ਕਰੀਬ ਡੇਢ ਮਹੀਨੇ ਦੇ ਇਸ ਅਰਸੇ ਦੌਰਾਨ ਹੀ 1 ਕਰੋੜ 80 ਲੱਖ 38 ਹਜ਼ਾਰ ਰੁਪਏ ਦਾ ਫ਼ਾਇਦਾ ਪਹੁੰਚਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਪੰਜਾਬ ਰੋਡਵੇਜ਼/ਪਨਬੱਸ ਦੀਆਂ 1840 ਅਤੇ ਪੀ.ਆਰ.ਟੀ.ਸੀ ਦੀਆਂ 1230 ਬੱਸਾਂ ਚਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਬੱਸਾਂ ਦੀ ਗਿਣਤੀ ਅਤੇ ਤੇਲ ਦੀ ਬਾਜ਼ਾਰੀ ਕੀਮਤ ਅੱਜ ਮੁਤਾਬਕ ਹੀ ਰਹਿੰਦੀ ਹੈ ਤਾਂ ਪ੍ਰਤੀ ਮਹੀਨਾ 1 ਕਰੋੜ 25 ਲੱਖ ਰੁਪਏ ਦੀ ਬੱਚਤ ਮੁਤਾਬਕ ਟਰਾਂਸਪੋਰਟ ਵਿਭਾਗ ਨੂੰ ਇਸ ਵਿੱਤੀ ਵਰ੍ਹੇ ਦੌਰਾਨ ਅੰਦਾਜ਼ਨ 15 ਕਰੋੜ ਰੁਪਏ ਤੋਂ ਵੱਧ ਦਾ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਕੀਤੇ ਸਮਝੌਤੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ 30 ਨਵੰਬਰ, 2024 ਤੱਕ ਟਰਾਂਸਪੋਰਟ ਵਿਭਾਗ ਨੂੰ ਡੀਜ਼ਲ ਮੁਹੱਈਆ ਕਰਵਾਏਗੀ।

ਉਨ੍ਹਾਂ ਕਿਹਾ ਕਿ  ਪੁਰਾਣੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸਰਕਾਰੀ ਬੱਸ ਸਰਵਿਸ ਹਮੇਸ਼ਾ ਘਾਟੇ ਵਿੱਚ ਰਹਿੰਦੀ ਸੀ ਪਰ ਜਦੋਂ ਤੋਂ  CM ਮਾਨ ਦੀ ਸਰਕਾਰ ਨੇ ਸੂਬੇ ਵਿੱਚ ਸੱਤਾ ਸੰਭਾਲੀ ਹੈ, ਉਦੋਂ ਤੋਂ ਸਰਕਾਰੀ ਬੱਸ ਸਰਵਿਸ ਮੁਨਾਫ਼ੇ ਵਿੱਚ ਜਾ ਰਹੀ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਪੰਜਾਬ ਰੋਡਵੇਜ਼/ਪਨਬੱਸ ਅਤੇ PRTC ਦੀਆਂ ਵਾਲਵੋ ਬੱਸਾਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚਲ ਰਹੀਆਂ ਹਨ। ਇਸੇ ਤਰ੍ਹਾਂ ਅੰਤਰ-ਰਾਜੀ ਬੱਸ ਸਰਵਿਸ ਤਹਿਤ ਹੋਰਨਾਂ ਸੂਬਿਆਂ ਵੱਲ ਨਵੀਆਂ ਬੱਸਾਂ ਚਲਾਈਆਂ ਗਈਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment