ਨਿਊਜ ਡੈਸਕ: ਜਿਵੇਂ ਜਿਵੇਂ ਪੰਥਕ ਸਫਾ ਤੋਂ ਅਕਾਲੀ ਦਲ ਦੂਰ ਜਾ ਰਿਹਾ ਹੈ ਤਿਵੇਂ ਤਿਵੇਂ ਇਸ ਅੰਦਰ ਉੱਠਣ ਵਾਲੀਆਂ ਬਾਗੀ ਸੁਰਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਜਿਸ ਅਕਾਲੀ ਦਲ ਨੇ ਕਦੀ ਦਸ ਸਾਲ ਸੱਤਾ ਦਾ ਸੁੱਖ ਭੋਗਿਆ ਸੀ ਅੱਜ ਉਹ ਹਾਸ਼ੀਏ ਤੇ ਹੈ। ਹੋਰ ਤਾਂ ਹੋਰ ਦਿਨ ਬ ਦਿਨ ਅਕਾਲੀ ਦਲ ਨੂੰ ਅੰਦਰੋਂ ਲੱਗ ਰਿਹਾ ਖੋਰਾ ਵੀ ਵਧਦਾ ਜਾ ਰਿਹਾ ਹੈ ਅਤੇ ਅਕਾਲੀ ਆਗੂ ਇਕ ਇਕ ਕਰਕੇ ਸਾਥ ਛੱਡਦੀ ਜਾ ਰਹੇ ਹਨ। ਅਜਿਹੇ ਵਿੱਚ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹੁਣ ਅਕਾਲੀ ਦਲ ਵਿੱਚ ਇੱਕ ਹੋਰ ਬਗਾਵਤ ਹੋ ਸਕਦੀ ਹੈ। ਦਰਅਸਲ ਮਾਮਲਾ ਹਲਕਾ ਮੌੜ ਤੋਂ ਹਲਕਾ ਇੰਚਾਰਜ ਤੋਂ ਅਸਤੀਫ਼ਾ ਦੇ ਚੁਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਜਗਮੀਤ ਸਿੰਘ ਬਰਾੜ ਨਾਲ ਸੰਬੰਧਿਤ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਰਦਾਰ ਜਗਮੀਤ ਸਿੰਘ ਬਰਾੜ ਹੁਰਾਂ ਦੇ ਵੱਲੋਂ ਇੱਕ ਕੋਆਰਡੀਨੇਸ਼ਨ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੇ ਇੱਕੀ ਮੈਂਬਰ ਸਨ ।ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਸਰਦਾਰ ਚਰਨਜੀਤ ਸਿੰਘ ਅਟਵਾਲ ਅਤੇ ਕਈ ਹੋਰ ਪ੍ਰਮੁੱਖ ਆਗੂ ਸ਼ਾਮਲ ਸਨ ।ਪਰ ਅੱਜ ਡਾ ਦਲਜੀਤ ਸਿੰਘ ਚੀਮਾ ਵੱਲੋਂ ਜਿਹਡ਼ੇ ਕਿ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਉਨ੍ਹਾਂ ਵੱਲੋਂ ਇਸ ਮਸਲੇ ਤੇ ਸਥਿਤੀ ਸਪੱਸ਼ਟ ਕੀਤੀ ਗਈ ਹੈ।
ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਗਮੀਤ ਬਰਾੜ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਾਰਟੀ ਦੀ ਤਾਲਮੇਲ ਕਮੇਟੀ ਬਣਾ ਸਕਣ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਪੱਸ਼ਟ ਕਰਦਾ ਹੈ ਕਿ ਅਸੀਂ ਨਾ ਤਾਂ ਕੋਈ ਤਾਲਮੇਲ ਕਮੇਟੀ ਬਣਾਈ ਹੈ ਅਤੇ ਨਾ ਹੀ ਕਿਸੇ ਨੂੰ ਕਮੇਟੀ ਬਨਾਉਣ ਦਾ ਅਧਿਕਾਰ ਦਿੱਤਾ ਹੈ। ਅਕਾਲੀ ਦਲ ਬਰਾੜ ਵਲੋਂ ਬਣਾਈ ਗਈ ਤਾਲਮੇਲ ਕਮੇਟੀ ਨੂੰ ਖਾਰਜ ਕਰਦਾ ਹੈ।