ਸ਼੍ਰੋਮਣੀ ਕਮੇਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਦਾ ਫੈਸਲਾ ਵਾਪਸ ਲੈਣ ਦੀ ਕੀਤੀ ਅਪੀਲ

Global Team
3 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ’ਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੀ ਭੁੱਖ ਹੜਤਾਲ ਦਾ ਫੈਸਲਾ ਵਾਪਸ ਲੈਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਦੌਰਾਨ ਭਾਈ ਰਾਜੋਆਣਾ ਨੂੰ ਅਪੀਲ ਦੇ ਨਾਲ-ਨਾਲ ਉਨ੍ਹਾਂ ਸਬੰਧੀ ਸੰਘਰਸ਼ ਤੇਜ਼ ਕਰਨ ਦਾ ਵੀ ਫੈਸਲਾ ਹੋਇਆ। ਇਸ ਇਕੱਤਰਤਾ ਵਿਚ ਬੀਤੇ ਕੱਲ੍ਹ ਹੋਈ ਪੰਥਕ ਨੁਮਾਇੰਦਿਆਂ ਦੀ ਬੈਠਕ ਦੀਆਂ ਸਿਫਾਰਸ਼ਾਂ ਅਨੁਸਾਰ ਸਾਂਝੀ ਰਾਏ ਨੂੰ ਪ੍ਰਵਾਨ ਕੀਤਾ ਗਿਆ ਹੈ।

ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਰਾਸ਼ਟਰਪਤੀ ਪਾਸ ਪਾਈ ਰਹਿਮ ਦੀ ਪਟੀਸ਼ਨ ਵਾਪਸ ਲੈਣ ਸਬੰਧੀ ਪੱਤਰ ਲਿਖਿਆ ਗਿਆ ਸੀ, ਜਿਸ ’ਤੇ ਪੰਥਕ ਨੁਮਾਇੰਦਿਆਂ ਦੀ ਰਾਏ ਹੈ ਕਿ ਸਿੱਖ ਸੰਸਥਾ ਨੂੰ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ। ਕਿਉਂਕਿ ਇਹ ਪਟੀਸ਼ਨ ਪੰਥ ਦੀਆਂ ਭਾਵਨਾਵਾਂ ਅਨੁਸਾਰ ਪਾਈ ਗਈ ਸੀ, ਜਿਸ ਨੂੰ ਵਾਪਸ ਲੈਣਾ ਕੌਮੀ ਹਿੱਤ ਵਿਚ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਨੇ ਭਾਈ ਰਾਜੋਆਣਾ ਨੂੰ ਵੀ ਸਨਿਮਰ ਅਪੀਲ ਕੀਤੀ ਹੈ ਕਿ ਉਹ 5 ਦਸੰਬਰ 2023 ਤੋਂ ਭੁੱਖ ਹੜਤਾਲ ’ਤੇ ਜਾਣ ਦਾ ਫੈਸਲਾ ਵਾਪਸ ਲੈਣ, ਕਿਉਂਕਿ ਗੁਰਮਤਿ ਫ਼ਲਸਫੇ ਅਨੁਸਾਰ ਅਜਿਹਾ ਕਰਨਾ ਠੀਕ ਨਹੀਂ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਰਾਜੋਆਣਾ ਦੇ ਮਾਮਲੇ ’ਤੇ ਸੰਘਰਸ਼ ਤਿੱਖਾ ਕਰਨ ਦਾ ਵੀ ਫੈਸਲਾ ਹੋਇਆ ਹੈ। ਇਸ ਸਬੰਧ ਵਿਚ 20 ਦਸੰਬਰ 2023 ਨੂੰ ਸਮੂਹ ਪੰਥਕ ਨੁਮਾਇੰਦਿਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੀ ਦਸਤਖ਼ਤੀ ਮੁਹਿੰਮ ਤਹਿਤ ਭਰੇ 26 ਲੱਖ ਪ੍ਰੋਫਾਰਮੇ ਵੀ ਨਾਲ ਲਿਜਾਏ ਜਾਣਗੇ। ਇਸ ਪ੍ਰਦਰਸ਼ਨ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਸੰਤ ਸਮਾਜ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਪੰਥਕ ਤੇ ਰਾਜਸੀ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਕਿਸਾਨ ਜਥੇਬੰਦੀਆਂ, ਨਿਰਮਲੇ ਅਤੇ ਉਦਾਸੀਆਂ ਦਾ ਭਰਵਾਂ ਇਕੱਠ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਥਕ ਧਿਰਾਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਂਝੇ ਕੌਮੀ ਕਾਰਜ ਵਿਚ ਆਪ ਮੁਹਾਰੇ ਸ਼ਾਮਲ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਿੱਜੀ ਤੌਰ ’ਤੇ ਵੱਖ-ਵੱਖ ਪ੍ਰਤੀਨਿਧਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਗੇ।

Share This Article
Leave a Comment