ਮੁੰਬਈ : ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਦੇ ਖਿਲਾਫ 50 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਸ਼ਰਲਿਨ ਨੇ ਪਿਛਲੇ ਹਫਤੇ ਜੁਹੂ ਪੁਲਿਸ ਸਟੇਸ਼ਨ ਵਿੱਚ ਰਾਜ ਕੁੰਦਰਾ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਬਾਅਦ ਰਾਜ ਅਤੇ ਸ਼ਿਲਪਾ ਦੇ ਵਕੀਲਾਂ ਨੇ ਇਹ ਕਦਮ ਚੁੱਕਿਆ ਹੈ।
ਸ਼ਰਲਿਨ ਨੇ ਆਪਣੀ ਸ਼ਿਕਾਇਤ ਵਿੱਚ ਰਾਜ ਅਤੇ ਸ਼ਿਲਪਾ ‘ਤੇ ਜਿਨਸੀ ਉਤਪੀੜਨ ਅਤੇ ਅੰਡਰਵਰਲਡ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਸੀ। ਉਸਨੇ ਸ਼ਿਲਪਾ-ਰਾਜ ਦੇ ਵਕੀਲਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ।
ਸ਼ਰਲਿਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸਨੇ ਰਾਜ ਕੁੰਦਰਾ ਦੀ ‘ਜੇਐਲ ਸਟ੍ਰੀਮ’ ਕੰਪਨੀ ਲਈ 3 ਵੀਡੀਓ ਸ਼ੂਟ ਕੀਤੇ ਸਨ, ਪਰ ਉਨ੍ਹਾਂ ਨੇ ਵਾਅਦੇ ਅਨੁਸਾਰ ਪੈਸੇ ਨਹੀਂ ਦਿੱਤੇ। ਸ਼ਿਕਾਇਤ ‘ਚ ਅਭਿਨੇਤਰੀ ਨੇ ਕਿਹਾ ਸੀ ਕਿ ਰਾਜ ਕੁੰਦਰਾ ਜਿਸਮ ਦੀ ਨੁਮਾਇਸ਼ ਕਰਵਾਉਣ ਤੋਂ ਬਾਅਦ ਕਲਾਕਾਰਾਂ ਨੂੰ ਭੁਗਤਾਨ ਨਹੀਂ ਕਰਦੇ।
ਇਸ ਤੋਂ ਪਹਿਲਾਂ ਬੀਤੇ ਹਫ਼ਤੇ ਸ਼ਿਲਪਾ ਅਤੇ ਰਾਜ ਦੇ ਵਕੀਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ, ‘ਸ਼ਰਲਿਨ ਚੋਪੜਾ ਜੋ ਵੀ ਬਿਆਨ ਦੇ ਰਹੀ ਹੈ, ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ। ਮੇਰੇ ਮੁਵੱਕਲ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨਾ ਉਸਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ। ਸ਼ਰਲਿਨ ਚੋਪੜਾ ਦੁਆਰਾ ਜਨਤਕ ਤੌਰ ‘ਤੇ ਕਹੀ ਗਈ ਹਰ ਚੀਜ਼ ਅਦਾਲਤ ਵਿੱਚ ਉਸਦੇ ਵਿਰੁੱਧ ਵਰਤੀ ਜਾਏਗੀ। ਉਨ੍ਹਾਂ ਵਿਰੁੱਧ ਸਿਵਲ ਅਤੇ ਅਪਰਾਧਿਕ ਕਾਰਵਾਈਆਂ ਅਧੀਨ ਕੇਸ ਦਰਜ ਕੀਤੇ ਜਾਣਗੇ।’ ਹੁਣ ਇਸ ਚੇਤਾਵਨੀ ਨੂੰ ਹਕੀਕਤ ਵਿੱਚ ਬਦਲ ਦਿੱਤਾ ਗਿਆ ਹੈ।