ਜਸਟਿਨ ਟਰੂਡੋ ‘ਤੇ ਹਮਲਾ ਕਰਨ ਵਾਲੇ ਨੇ ਮੰਗੀ ਮੁਆਫ਼ੀ, 8 ਮਈ ਨੂੰ ਸੁਣਾਈ ਜਾਵੇਗੀ ਸਜ਼ਾ

Prabhjot Kaur
3 Min Read

ਲੰਦਨ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਰੋੜੇ ਸੁੱਟਣ ਵਾਲੇ ਸ਼ੇਨ ਮਾਰਸ਼ਲ ਨੂੰ ਸਜ਼ਾ ਦਾ ਐਲਾਨ 8 ਮਈ ਨੂੰ ਹੋਵੇਗਾ ਜੋ ਆਪਣੀ ਗਲਤੀ ਵਾਸਤੇ ਮੁਆਫ਼ੀ ਮੰਗ ਰਿਹਾ ਹੈ। ਓਨਟਾਰੀਓ ਦੇ ਲੰਡਨ ਸ਼ਹਿਰ ਦੀ ਅਦਾਲਤ ‘ਚ ਮੁਕੱਦਮੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਘੱਟੋਂ-ਘੱਟ 30 ਦਿਨ ਕੈਦ ਦੀ ਸਜ਼ਾ ਮੰਗੀ, ਜਦਕਿ ਬਚਾਅ ਪੱਖ ਦਾ ਵਕੀਲ 60 ਦਿਨ ਦੀ ਕਮਿਊਨਿਟੀ ਸੇਵਾ ‘ਤੇ ਜ਼ੋਰ ਦੇ ਰਿਹਾ ਹੈ।

26 ਸਾਲ ਦੇ ਸ਼ੇਨ ਮਾਰਸ਼ਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦੇ ਮੁਵੱਕਲ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ ਅਤੇ ਇਸੇ ਕਰ ਕੇ ਸਤੰਬਰ 2021 ਵਿੱਚ ਚੋਣ ਪ੍ਰਚਾਰ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ ਰੋੜੇ ਸੁੱਟ ਦਿਤੇ ਜਦੋਂ ਉਹ ਆਪਣੀ ਬੱਸ ‘ਚ ਚੜ੍ਹ ਰਹੇ ਸਨ। ਵਕੀਲ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਮਾਰਸ਼ਲ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਆਪਣੀ ਗਲਤੀ ਮੰਨ ਰਿਹਾ ਹੈ ਅਤੇ ਉਸ ਨੂੰ ਆਪਣੇ ਕੀਤੇ ਤੇ ਬਹੁਤ ਅਫ਼ਸੋਸ ਹੈ। ਗੁੱਸੇ ਦੀ ਸਮੱਸਿਆ ਕੰਟਰੋਲ ਕਰਨ ਲਈ ਸ਼ੇਨ ਮਾਰਸ਼ਲ ਇਕ ਸਾਲ ਦੀ ਕੌਂਸਲਿੰਗ ਕਰਨ ਲਈ ਤਿਆਰ ਹੈ ਅਤੇ 60 ਦਿਨ ਦੀ ਕਮਿਊਨਿਟੀ ਸੇਵਾ ਵੀ ਕਰੇਗਾ। ਜਦੋਂ ਅਦਾਲਤ ‘ਚ ਮਾਰਸ਼ਲ ਨੂੰ ਪੁੱਛਿਆ ਗਿਆ ਕਿ ਕੀ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਹ ਖੜ੍ਹਾ ਹੋਇਆ ਅਤੇ ਅਦਾਲਤ ‘ਚ ਹਰ ਇਕ ਤੋਂ ਮੁਆਫ਼ੀ ਮੰਗੀ।

ਦੱਸਣਯੋਗ ਹੈ ਕਿ ਰੋੜੇ ਸੁੱਟਣ ਦੀ ਘਟਨਾ ਦੌਰਾਨ ਜਸਟਿਨ ਟਰੂਡੋ ਨੂੰ ਕੋਈ ਸੱਟ ਨਹੀਂ ਲੱਗੀ ਸੀ ਪਰ ਸਰਕਾਰੀ ਵਕੀਲ ਨੇ ਕਿਹਾ ਕਿ ਸਿਆਸਤਦਾਨਾਂ ਉਪਰ ਹਮਲੇ ਦਾ ਮਤਲਬ ਲੋਕਤੰਤਰ ‘ਤੇ ਹਮਲਾ ਹੈ। ਅਜਿਹੇ ਹਮਲਿਆਂ ਕਾਰਨ ਲੋਕ ਸਿਆਸਤ ‘ਚ ਆਉਣ ਤੋਂ ਪਾਸਾ ਵੱਟ ਸਕਦੇ ਹਨ ਅਤੇ ਦੁਬਾਰਾ ਅਜਿਹੀਆਂ ਘਟਨਾਵਾਂ ਰੋਕਣ ਵਾਸਤੇ ਸਖ਼ਤ ਸਜ਼ਾ ਦੀ ਜ਼ਰੂਰਤ ਹੈ। 30 ਦਿਨ ਦੀ ਸਜ਼ਾ ਨਾਲ ਸਾਬਤ ਹੋ ਜਾਵੇਗਾ ਕਿ ਅਦਾਲਤ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸ਼ੌਨ ਮਾਰਸ਼ਲ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੀ ਰਾਈਡਿੰਗ ਐਸਸੀਏਸ਼ਨ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ ਅਤੇ ਉਸ ਦੇ ਵਕੀਲਾਂ ਦੀ ਟੀਮ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਦਾਲਤ ਵਿਚ ਤਲਬ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਜੋ ਸਫ਼ਲ ਨਾ ਹੋ ਸਕੀ। ਮੁਢਲੇ ਤੌਰ ‘ਤੇ ਮਾਰਸ਼ਲ ਵਿਰੁੱਧ ਹਥਿਆਰ ਨਾਲ ਹਮਲਾ ਕਰਨ ਦੋਸ਼ ਆਇਦ ਕੀਤੇ ਗਏ ਸਨ ਪਰ ਉਸ ਨੇ ਆਮ ਹਮਲੇ ਦੇ ਦੋਸ਼ਾਂ ਹੇਠ ਗੁਨਾਹ ਕਬੂਲ ਕਰ ਲਿਆ। ਹੁਣ ਸਰਕਾਰੀ ਵਕੀਲ ਵੱਲੋਂ 30 ਦਿਨ ਦੀ ਕੈਦ ਤੋਂ ਇਲਾਵਾ 12 ਮਹੀਨੇ ਦੀ ਨਿਗਰਾਨੀ, ਕੌਂਸਲਿੰਗ ਅਤੇ ਪ੍ਰਧਾਨ ਮੰਤਰੀ ਦੇ ਰਿਹਾਇਸ਼ ਤੋਂ ਘੱਟ ਘੱਟ 20 ਮੀਟਰ ਦੂਰ ਰਹਿਣ ਦੀਆਂ ਹਦਾਇਤਾਂ ਦੀ ਮੰਗ ਕੀਤੀ ਜਾ ਰਹੀ ਹੈ। ਸਿਰਫ਼ ਐਨਾ ਹੀ ਨਹੀਂ ਆਉਂਦੇ 10 ਸਾਲ ਤੱਕ ਸ਼ੇਨ ਮਾਰਸ਼ਲ ‘ਤੇ ਹਥਿਆਰ ਰੱਖਣ ਦੀ ਪਾਬੰਦੀ ਵੀ ਲਾਗੂ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment