ਸ਼ਹੀਦ ਪਰਦੀਪ ਸਿੰਘ ਦਾ ਜੱਦੀ ਪਿੰਡ ਬੱਲਮਗੜ੍ਹ ਵਿੱਚ ਸਸਕਾਰ

Global Team
3 Min Read
ਨਿਊਜ ਡੈਸਕ- ਕਸ਼ਮੀਰ ਦੇ ਅਨੰਤਨਾਗ ਵਿੱਚ ਬੀਤੇ ਦਿਨ ਡਿਊਟੀ ਦੌਰਾਨ ਸ਼ਹੀਦ ਹੋਏ ਪਿੰਡ ਬੱਲਮਗੜ੍ਹ ਦੇ ਫੌਜੀ ਜਵਾਨ ਪਰਦੀਪ ਸਿੰਘ (27) ਦੇ ਅੰਤਿਮ ਸਸਕਾਰ ਮੌਕੇ ਅੱਜ ਸਾਰਾ ਪਿੰਡ ਤੇ ਇਲਾਕਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਹਰ ਸ਼ਖ਼ਸ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਦੀ ਪਤਨੀ ਸੀਮਾ ਰਾਣੀ, ਪਿਤਾ ਦਰਸ਼ਨ ਸਿੰਘ ਤੇ ਭਰਾ ਕੁਲਦੀਪ ਸਿੰਘ ਨੇ ਸ਼ਹੀਦ ਨੂੰ ਸਲਾਮੀ ਦਿੱਤੀ।

ਸ਼ਹੀਦ ਦੀ ਮ੍ਰਿਤਕ ਦੇਹ ਨੂੰ ਵੱਡੇ ਕਾਫ਼ਲੇ ਨਾਲ ਪਿੰਡ ਬੱਲਮਗੜ੍ਹ ਵਿੱਚ ਲਿਆਂਦਾ ਗਿਆ। ਇਸ ਮਗਰੋਂ ਪੂਰੇ ਫ਼ੌਜੀ ਸਨਮਾਨਾਂ ਨਾਲ ਧਾਰਮਿਕ ਰੀਤਾਂ ਨਾਲ ਜਵਾਨ ਪਰਦੀਪ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ।

ਫ਼ੌਜ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਮੌਕੇ ਡੀਸੀ ਸਾਕਸ਼ੀ ਸਾਹਨੀ, ਐੱਸਡੀਐੱਮ ਚਰਨਜੀਤ ਸਿੰਘ, ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਐਸਪੀ ਸੌਰਵ ਜਿੰਦਲ, ਡੀਐੱਸਪੀ. ਨੇਹਾ ਅਗਰਵਾਲ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਐੱਮਐਸ ਰੰਧਾਵਾ ਹਾਜ਼ਰ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਹੀਦ ਦੀ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਰੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਸ਼ਹੀਦ ਦੀ ਪਤਨੀ ਨੂੰ ਉਸ ਦੀ ਯੋਗਤਾ ਅਨੁਸਾਰ ਪਬਲਿਕ ਕਾਲਜ ਸਮਾਣਾ ਵਿੱਚ ਸਹਾਇਕ ਪ੍ਰੋਫੈਸਰ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਸ਼ਹੀਦ ਦੀ ਪਤਨੀ ਸੀਮਾ ਰਾਣੀ ਨੇ ਦੱਸਿਆ ਕਿ ਪਰਦੀਪ ਸਿੰਘ ਮਈ ਮਹੀਨੇ ਛੁੱਟੀ ਆਇਆ ਸੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਨੰਤਨਾਗ ’ਚ ਹੋਏ ਅਤਿਵਾਦੀ ਹਮਲੇ ਦੌਰਾਨ ਸੂਬੇ ਨਾਲ ਸਬੰਧਿਤ ਭਾਰਤੀ ਫੌਜ ਦੇ ਇੱਕ ਹੋਰ ਜਵਾਨ ਦੀ ਸ਼ਹਾਦਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਨ ਨੇ ਕਿਹਾ ਕਿ ਭਾਰਤੀ ਫੌਜ ਦਾ ਜਵਾਨ ਪਰਦੀਪ ਸਿੰਘ ਅਨੰਤਨਾਗ ’ਚ ਅਤਿਵਾਦੀ ਹਮਲੇ ਮਗਰੋਂ ਲਾਪਤਾ ਹੋ ਗਿਆ ਸੀ। ਉਹ ਆਪਣੀ ਡਿਊਟੀ ਨਿਭਾਉਂਦਿਆਂ ਸ਼ਹੀਦ ਹੋਇਆ। ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪੀੜਤ ਪਰਿਵਾਰ ਨਾਲ ਖੜ੍ਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment