ਚੰਡੀਗੜ੍ਹ: ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਸੀ। ਕਰਤਾਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
16 ਨਵੰਬਰ, 1915 ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਮਹਾਂਰਾਸ਼ਟਰ, ਜਗਤ ਸਿੰਘ ਸੁਰ ਸਿੰਘ, ਬਖਸ਼ੀਸ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿਲਵਾਲੀ) ਅੰਮਿ੍ਤਸਰ, ਭਾਈ ਹਰਨਾਮ ਸਿੰਘ ਸਿਆਲ ਕੋਟ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦਿੱਤੀ ਗਈ।
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਾ ਰੱਸਾ ਚੁੰਮਣ ਦੇ 105 ਸਾਲ ਹੋ ਚੁੱਕੇ ਹਨ। ਉਹ ਅੱਜ ਵੀ ਸਮੁੱਚੇ ਭਾਰਤ ਦੇ ਲੁੱਟ, ਬੇਇਨਸਾਫੀ ਖਿਲਾਫ ਜੂਝ ਰਹੇ ਲੋਕਾਂ ਲਈ ਮੁਕਤੀ ਦਾ ਚਿੰਨ੍ਹ ਬਣੇ ਹੋਏ ਹਨ।
ਉਨ੍ਹਾਂ ਦੀ ਸ਼ਹਾਦਤ ਦੇ ਮੌਕੇ ‘ਤੇ ਉਹਨਾਂ ਦੀ ਵਿਰਾਸਤ ਦੇ ਚਿਰਾਗ ਘਰ-ਘਰ ਬਾਲਣੇ ਸਮੇਂ ਦੀ ਅਹਿਮ ਲੋੜ ਹੈ। ਕਰਤਾਰ ਸਿੰਘ ਸਰਾਭਾ 1912 ਵਿੱਚ ਉਚ ਸਿੱਖਿਆ ਲਈ ਅਮਰੀਕਾ ਚਲੇ ਗਏ।
ਉਥੇ ਉਨ੍ਹਾਂ ਭਾਰਤੀ ਲੋਕਾਂ ਨਾਲ ਹੁੰਦੀ ਬਦਸਲੂਕੀ, ਨਫ਼ਰਤ ਵੇਖੀ ਤਾਂ ਉਨ੍ਹਾਂ ਦਾ ਦਿਲ ਪਸੀਜ ਗਿਆ ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਦਾ ਜਜ਼ਬਾ ਉਨ੍ਹਾਂ ਅੰਦਰ ਉਬਾਲੇ ਖਾਣ ਲੱਗਾ।
ਬਾਬਾ ਸੋਹਨ ਸਿੰਘ ਭਕਨਾ, ਵਿਸਾਖਾ ਸਿੰਘ, ਜਵਾਲਾ ਸਿੰਘ ਤੇ ਸੰਤੋਖ ਸਿੰਘ ਨਾਲ ਮਿਲ ਕੇ ‘ਹਿੰਦੀ ਐਸੋਸ਼ੀਸਨ ਆਫ ਅਮਰੀਕਨ ਪੈਸਫਿਕ ਕੋਸਟ’ ਨਾਂ ਦੀ ਜਥੇਬੰਦੀ ਬਣਾਈ ਜੋ ਗਦਰ ਪਾਰਟੀ ਨਾਲ ਮਸ਼ਹੂਰ ਹੋਈ।
ਇਕ ਨਵੰਬਰ ਨੂੰ ਗਦਰ ਅਖ਼ਬਾਰ ਦਾ ਪਹਿਲਾ ਅੰਕ ਕੱਢਿਆ ਗਿਆ। ‘ਗਦਰ’ ਨੂੰ ਛਾਪਣ ਦੀ ਜਿੰਮੇਵਾਰੀ ਸਰਾਭਾ ਦੀ ਸੀ।1914 ਦੇ ਅੰਤ ‘ਤੇ ਗਦਰ ਕਰਨ ਲਈ ਵਾਪਸ ਭਾਰਤ ਆ ਗਏ।
ਗਦਰ ਫੇਲ ਹੋਣ ‘ਤੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਵੀ ਉਹ ਜੋਸ਼ ਨਾਲ ਨਵੀਆਂ ਤਿਆਰੀਆਂ ਵਿੱਚ ਲੱਗੇ ਰਹੇ। ਉਹਨਾਂ ‘ਚ ਗੁਣ ਸੀ ਕਿ ਉਹ ਫੌਜੀ ਛਾਉਣੀਆਂ ਵਿੱਚ ਭੇਸ ਬਦਲ ਕੇ ਪੁਲਿਸ ਨੂੰ ਧੋਖਾ ਦੇ ਕੇ ਅੱਗੇ ਨਿਕਲ ਜਾਂਦੇ ਸਨ।
ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਆਪਣਾ ਆਦਰਸ਼ ਮੰਨਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੀ ਫੋਟੋ ਹਮੇਸ਼ਾਂ ਆਪਣੀ ਜੇਬ ਵਿੱਚ ਰੱਖਦੇ ਸਨ।
ਨਿੱਕੀ ਉਮਰ ਵਿੱਚ ਜਿੰਨੇ ਹੈਰਾਨੀਜਨਕ ਕੰਮ ਕੀਤੇ ਉਹ ਅੱਜ ਵੀ ਪ੍ਰੇਰਨਾਦਈ ਤੇ ਗੌਰਵਪੂਰਨ ਹਨ। ਅਖ਼ਬਾਰ ਕੱਢਣ, ਉਸ ਨੂੰ ਲਿਖਣ, ਲੋਕਾਂ ਤਕ ਲਿਜਾਣ, ਗਦਰ ਦਾ ਸੁਨੇਹਾ ਪਹੁੰਚਾਉਣ ਤੇ ਫੰਡ ਇਕੱਠਾ ਕਰਨ ਵਿੱਚ ਉਹ ਅੱਗੇ ਰਹੇ।
ਸਾਹਨੇਵਾਲ ਦੇ ਡਾਕੇ ਸਮੇਂ ਇਕ ਸਾਥੀ ਵੱਲੋਂ ਕੁੜੀ ‘ਤੇ ਮਾੜੀ ਨਜ਼ਰ ਰੱਖਣ ‘ਤੇ ਉਸਨੇ ਪਿਸਤੌਲ ਤਾਣ ਕੇ ਮਾਫੀ ਮੰਗਣ ਤੇ ਮਜਬੂਰ ਕੀਤਾ। ਇਨ੍ਹਾਂ ਸੂਰਬੀਰ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋ ਸਕਦੀ ਹੈ ਕਿ ਅਸੀਂ ਉਹਨਾਂ ਦੇ ਰਾਹ ‘ਤੇ ਚਲਦੇ ਹੋਏ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਦੀ ਉਸਾਰੀ ਲਈ ਅਗੇ ਆਈਏ।
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਾ ਰੱਸਾ ਚੁੰਮਣ ਦੇ 104 ਸਾਲ ਹੋ ਚੁਕੇ ਹਨ। ਉਹ ਅੱਜ ਵੀ ਸਮੁੱਚੇ ਭਾਰਤ ਦੇ ਲੁੱਟ, ਬੇਇਨਸਾਫੀ ਖਿਲਾਫ ਜੂਝ ਰਹੇ ਲੋਕਾਂ ਲਈ ਮੁਕਤੀ ਦਾ ਚਿੰਨ ਬਣੇ ਹੋਏ ਹਨ। ਉਹਨਾਂ ਦੀ ਸ਼ਹਾਦਤ ਦੇ ਵਰੇ ਮੌਕੇ ਤੇ ਉਹਨਾਂ ਦੀ ਵਿਰਾਸਤ ਦੇ ਚਿਰਾਗ ਘਰ-ਘਰ ਬਾਲਣੇ ਸਮੇਂ ਦੀ ਅਹਿਮ ਲੋੜ ਹੈ।