ਕੋਰੋਨਾ ਵਾਇਰਸ: ਕਿਸਾਨ ਪ੍ਰੇਸ਼ਾਨ, ਕਿਰਤੀ ਅਤੇ ਕਾਮੇ ਹੋ ਰਹੇ ਹੈਰਾਨ

TeamGlobalPunjab
6 Min Read

-ਅਵਤਾਰ ਸਿੰਘ

ਭਾਰਤ ਵਾਸੀ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਘਰੋਗੀ ਆਫ਼ਤਾਂ ਦਾ ਝੰਬਿਆ ਪਿਆ ਸੀ। ਸਮੇਂ ਸਮੇਂ ਆਉਂਦੀਆਂ ਕੁਦਰਤੀ ਆਫ਼ਤਾਂ ਨੇ ਵੀ ਕੁਝ ਰਾਜਾਂ ਤੇ ਇਲਾਕਿਆਂ ਨੂੰ ਅਜੇ ਤਕ ਪੈਰਾਂ ਸਿਰ ਨਹੀਂ ਆਉਣ ਦਿੱਤਾ। ਮਨੁੱਖ ਵਲੋਂ ਤਿਆਰ ਕੀਤੀ ਮਾਰੂ ਜਾਂ ਕੁਦਰਤੀ ਕੋਰੋਨਾ ਵਾਇਰਸ ਦੀ ਆਫ਼ਤ ਨੇ ਇਸ ਗਰੀਬ ਮੁਲਕ ਦੇ ਉਨ੍ਹਾਂ ਲੋਕਾਂ ਨੂੰ ਅਜਿਹਾ ਝੰਬ ਕੇ ਰੱਖ ਦਿੱਤਾ ਕਿ ਇਹ ਕਈ ਸਾਲਾਂ ਤਕ ਨਹੀਂ ਉੱਠ ਸਕਣਗੇ। ਹਰੇਕ ਵਰਗ ਇਸ ਦੀ ਮਾਰ ਤੋਂ ਬਚਿਆ ਨਹੀਂ ਹੈ। ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ, ਵਪਾਰੀ ਆਦਿ ਤੜਪ ਰਿਹਾ ਹੈ।
ਦੇਸ਼ ਦਾ ਅੰਨਦਾਤਾ (ਕਿਸਾਨ) ਮੁਲਕ ਦਾ ਅੰਨ ਭੰਡਾਰ ਭਰਦਾ ਹੈ ਜਿਸ ਨਾਲ ਦੇਸ਼ ਦਾ ਬੱਚਾ ਬੱਚਾ ਆਪਣਾ ਪੇਟ ਪਾਲਦਾ ਹੈ। ਕਿਸਾਨ ਨੇ ਅੰਨ ਉਤਪਾਦਨ ਨਾਲ ਆਪਣੀਆਂ ਸਾਰੀਆਂ ਘਰੇਲੂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਉਸ ਕੋਲ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਆਮਦਨ ਦਾ ਇਕੋ ਇਕ ਵਸੀਲਾ ਖੇਤੀ ਹੈ।
ਕੋਰੋਨਾ ਵਾਇਰਸ ਦੀ ਮਹਾਮਾਰੀ ਵਿਚ ਅੰਨਦਾਤਾ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਵੇਚਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕਰਨ ਦੀ ਨੀਤੀ ਸਹੀ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਕਰਫਿਊ ਪਾਸ ਆੜ੍ਹਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਸਰਕਾਰੀ ਖ਼ਰੀਦ ਸ਼ੁਰੂ ਹੋਣ ਤੋਂ ਪੰਜ ਦਿਨ ਬਾਅਦ ਵੀ ਕਈ ਆੜ੍ਹਤੀਆਂ ਨੂੰ ਪਾਸ ਨਹੀਂ ਮਿਲੇ ਜਿਸ ਕਰਕੇ ਉਨ੍ਹਾਂ ਨਾਲ ਜੁੜੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਕਿਸਾਨਾਂ ਨੂੰ ਜਾਂ ਤਾਂ ਕਣਕ ਕਟਵਾਉਣ ਲਈ ਰੁਕਣਾ ਪੈ ਰਿਹਾ ਹੈ ਜਾਂ ਉਨ੍ਹਾਂ ਨੂੰ ਵੱਢੀ ਕਣਕ ਘਰਾਂ ’ਚ ਹੀ ਢੇਰੀ ਕਰਨੀ ਪੈ ਰਹੀ ਹੈ। ਇਹ ਮੌਸਮ ਦੀ ਖਰਾਬੀ ਕਰਕੇ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਕਿਸਾਨਾਂ ਨੂੰ ਦੋਹਰੀ ਮੁਸ਼ੱਕਤ ਵੀ ਕਰਨੀ ਪੈ ਰਹੀ ਹੈ।

ਇਸੇ ਤਰ੍ਹਾਂ ਮਾਲਵੇ ਦੀ ਨਰਮਾ ਪੱਟੀ ਵਿੱਚ ਇਸ ਵਾਰ ਨਰਮੇ ਦੀ ਬਿਜਾਈ ਵੀ ਕਿਸਾਨਾਂ ਲਈ ਮੁਸਕਲ ਪੈਦਾ ਕਰੇਗੀ। ਕਿਸਾਨਾਂ ਨੂੰ ਇਸ ਵਾਰ ਬੀਟੀ ਬੀਜਾਂ ਦੀ ਸਪਲਾਈ ਭਾਵੇਂ ਘਰ ਬੈਠਿਆਂ ਨੂੰ ਮਿਲੇਗੀ ਪਰ ਲੌਕ ਡਾਊਨ ਕਰਕੇ ਫੇਰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਪੰਜਾਬ ਸਰਕਾਰ ਨੇ ਬੀਜ ਦੀ ਹੋਮ ਡਲਿਵਰੀ ਦੇ ਪ੍ਰਬੰਧ ਤਾਂ ਕਰ ਲਏ ਪਰ ਚਿੱਟੀ ਮੱਖੀ ਤੋਂ ਬਚਾਅ ਲਈ ਅਗਾਊਂ ਨਦੀਨ ਮਾਰਨ ਦੀ ਚਲਾਈ ਜਾਣ ਵਾਲੀ ਮੁਹਿੰਮ ਇਸ ਵਾਰ ਦਫ਼ਤਰੀ ਲਗਦੀ ਹੈ। ਕਰੋਨਾ ਦੀ ਕਰੋਪੀ ਕਰਕੇ ਨਰਮੇ ਦੀ ਬਿਜਾਈ ਪਛੜਦੀ ਲਗਦੀ ਹੈ।

- Advertisement -

ਰਿਪੋਰਟਾਂ ਮੁਤਾਬਿਕ ਸਰਕਾਰ ਨੇ ਇਸ ਵਾਰ 25 ਲੱਖ ਬੀਟੀ ਬੀਜ ਬੋਰਿਆਂ ਦਾ ਇੰਤਜ਼ਾਮ ਕੀਤਾ ਹੈ। ਕਰੀਬ 27 ਬੀਜ ਕੰਪਨੀਆਂ ਨੇ ਸਪਲਾਈ ਦਿੱਤੀ ਹੈ। ਅਜੇ ਕਿਸਾਨ ਵਾਢੀ ਵਿੱਚ ਉਲਝੇ ਹੋਏ ਹੋਣ ਕਾਰਨ ਮਿਥੇ ਸਮੇਂ ’ਤੇ ਬਿਜਾਈ ਨਹੀਂ ਹੋ ਸਕੇਗੀ।

ਕਰੋਨਾ ਮਹਾਮਾਰੀ ਕਰਕੇ ਕਿਸਾਨਾਂ ਨੂੰ ਵਾਢੀ ਅਤੇ ਫਸਲ ਵੇਚਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤੋਂ ਅਗਲੀ ਬਿਜਾਈ ਦਾ ਫਿਕਰ ਸਿਰ ’ਤੇ ਹੈ। ਪੀ ਏ ਯੂ ਅਨੁਸਾਰ ਨਰਮੇ ਦੀ ਬਿਜਾਂਦ ਲਈ ਪਹਿਲੀ ਅਪਰੈਲ ਤੋਂ 15 ਮਈ ਤੱਕ ਦਾ ਸਮਾਂ ਢੁੱਕਵਾਂ ਹੈ। ਪੰਜਾਬ ਸਰਕਾਰ ਨੇ ਨਹਿਰੀ ਪਾਣੀ ਦੀ ਸਪਲਾਈ ਲਈ ਵੀ ਹਦਾਇਤਾਂ ਦਿੱਤੀਆਂ ਹਨ। ਪਰ ਕਈ ਨਹਿਰਾਂ ਦੀ ਬੰਦੀ ਅਪਰੈਲ ਮਹੀਨੇ ਵਿੱਚ ਹੀ ਖਤਮ ਹੋ ਜਾਣੀ ਹੈ।

ਓਧਰ ਕਰਫਿਊ ਨੇ ਛੋਟੇ ਦੁਕਾਨਦਾਰਾਂ ਅਤੇ ਕਾਮਿਆਂ ’ਤੇ ਵੱਡੀ ਸੱਟ ਮਾਰੀ ਹੈ। ਆਰਥਿਕ ਤੰਗੀ ਦੀ ਮਾਰ ਹੇਠ ਆਏ ਬਹੁਤੇ ਪੇਂਡੂ ਕਾਮਗਾਰ ਦਾਣਾ ਮੰਡੀਆਂ ’ਚ ਦਿਹਾੜੀ ਕਰਨ ਲਈ ਮਜਬੂਰ ਹੋ ਗਏ ਹਨ।

ਰਿਪੋਰਟਾਂ ਅਨੁਸਾਰ ਮਾਲਵੇ ਦੇ ਕੁਝ ਲੋਕਾਂ ਨੇ ਆਪਣਾ ਦੁੱਖ ਫਰੋਲਦਿਆਂ ਜਿਨ੍ਹਾਂ ਵਿਚ ਅੱਠ ਮਹੀਨੇ ਪਹਿਲਾਂ ਦੋਹਾ ਕਤਰ ਤੋਂ ਆਏ ਪੱਖੋਕੇ ਦਾ ਹਰਪਾਲ ਸਿੰਘ ਮੰਡੀ ਵਿਚ ਪੱਲੇਦਾਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਥੇ ਉਹ ਜੇ ਸੀ ਬੀ ਆਪ[ਰੇਟਰ ਸੀ। 20 ਸਾਲਾਂ ਤੋਂ ਪਿੰਡ ਚੂੰਘਾਂ ’ਚ ਦਰਜ਼ੀ ਦਾ ਕੰਮ ਕਰਨ ਵਾਲਾ ਬੇਅੰਤ ਸਿੰਘ ਘਰ ਦਾ ਗੁਜ਼ਾਰਾ ਕਰਨ ਲਈ ਪੱਲੇਦਾਰੀ ਦਾ ਕੰਮ ਕਰਨ ਲੱਗ ਪਿਆ ਹੈ। ਵਿਆਹ ਅਤੇ ਹੋਰ ਸਮਾਜਿਕ ਸਮਾਗਮ ਬੰਦ ਹੋਣ ਕਰ ਕੇ ਉਸ ਦਾ ਸਿਲਾਈ ਦਾ ਕੰਮ ਬਿਲਕੁਲ ਠੱਪ ਪਿਆ ਹੈ। ਕੈਂਸਰ ਪੀੜਤ ਪਿਤਾ ਦੀ ਦੇਖਭਾਲ ’ਤੇ ਲਗਪਗ 2 ਹਜ਼ਾਰ ਖਰਚ ਆਉਂਦਾ ਹੈ। ਪਰਿਵਾਰ ਦੇ 7 ਜੀਆਂ ਦੇ ਪੇਟ ਭਰਨ ਲਈ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਭੋਤਨਾ ’ਚ ਬਿਜਲੀ ਦਾ ਕੰਮ ਕਰਨ ਵਾਲਾ ਬਲਜੀਤ ਸਿੰਘ ਵੀ ਪੱਲੇਦਾਰੀ ਦਾ ਕੰਮ ਕਰਨ ਲੱਗਿਆ ਹੈ। ਇੱਕ ਫ਼ੋਟੋਗ੍ਰਾਫਰ ਨੇ ਦੱਸਿਆ ਕਿ ਉਸ ਨੇ ਸਾਢੇ 3 ਲੱਖ ਦਾ ਕੈਮਰਾ ਅਤੇ ਹੋਰ ਸਾਮਾਨ ਖਰੀਦਿਆ ਸੀ। ਪ੍ਰਤੀ ਮਹੀਨਾ 10 ਹਜ਼ਾਰ ਦੀ ਕਿਸ਼ਤ ਭਰਨ ਲਈ ਉਸਨੂੰ ਬਹੁਤ ਮੁਸ਼ਕਿਲ ਆ ਰਹੀ ਹੈ। ਇਸ ਤੋਂ ਇਲਾਵਾ ਪੱਖੋਕੇ ਦਾ ਰਾਜ ਮਿਸਤਰੀ ਦਰਸ਼ਨ ਸਿੰਘ ਅਤੇ ਮੱਲ੍ਹੀਆਂ ਦਾ ਕਪੜਾ ਵਪਾਰੀ ਭੁਪਿੰਦਰ ਸਿੰਘ ਵੀ ਆਪਣੇ ਪਿੰਡ ਦੀਆਂ ਮੰਡੀਆਂ ’ਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੇ ਹਨ।

ਇਸ ਤੋਂ ਇਲਾਵਾ ਸਬਜ਼ੀ ਉਤਪਾਦਕ ਦਾ ਵੀ ਹਾਲ ਮੰਦਾ ਹੈ। ਖੇਤ ਵਿਚੋਂ ਤੋੜੀ ਗਈ ਸਬਜ਼ੀ ਦੇਰ ਤਕ ਮੰਡੀ ਵਿੱਚ ਪੁੱਜਦੀ ਨਾ ਹੋਣ ਕਰਕੇ ਸੁੱਕ ਰਹੀ ਹੈ। ਉਸ ਦੀ ਖੂਨ ਪਸੀਨੇ ਦੀ ਇਸ ਦੀ ਕਮਾਈ ਨੇ ਹੀ ਘਰ ਦੇ ਸਾਰੇ ਕੰਮ ਤੋਰਨੇ ਹਨ। ਪਰ ਇਸ ਦੀ ਬੇਕਦਰੀ ਹੋਣ ਕਰਕੇ ਉਹ ਬੇਵਸ ਤੇ ਮਜਬੂਰ ਨਜ਼ਰ ਆ ਰਿਹਾ ਹੈ। ਇਨ੍ਹਾਂ ਦੇ ਦੁੱਖ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੂੰ ਇਨ੍ਹਾਂ ਵਰਗਾਂ ਦੇ ਲੋਕਾਂ ਦੀ ਬਾਂਹ ਫੜਨ ਲਈ ਕੁਝ ਫੌਰੀ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ।

- Advertisement -

ਸੰਪਰਕ: 9872661281

Share this Article
Leave a comment