ਸ਼ਬਦ ਵਿਚਾਰ 164 -ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

TeamGlobalPunjab
7 Min Read

*ਡਾ. ਗੁਰਦੇਵ ਸਿੰਘ

ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਵਿਚਾਰ ਪ੍ਰਾਰੰਭ ਕਰਾਂਗੇ ਜਿਸ ਦਾ ਸਿਰਲੇਖ ਹੈ “ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥” ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 137 ‘ਤੇ ਅੰਕਿਤ ਹੈ। ਕਿਉਂਜੋ ਇਹ ਇੱਕ ਲੰਬਾ ਬਾਣੀ ਰੂਪ ਹੈ ਅਤੇ ਇਸ ਲਈ ਇਸ ਦੀ ਵਿਚਾਰ ਸਲੋਕ ਤੇ ਪਉੜੀ ਦੇ ਇਕੱਲ ਰੂਪ ਵਿੱਚ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਬਾਣੀ ਦੇ ਅਰਥ ਭਾਵਾਂ ਨੂੰ ਗੁਹਝ ਨਾਲ ਸਮਝਿਆ ਜਾ ਸਕੇ।

ਵਾਰ ਦੇ ਕੋਸ਼ਗਤ ਅਰਥ ਹਨ: ਹਮਲਾ, ਹੱਲਾ, ਇੱਕ ਕਾਵਿ ਰੂਪ। ਢਾਡੀਆਂ ਦੁਆਰਾ ਗਾਇਆ ਜਾਣ ਵਾਲਾ ਬੀਰ ਕਾਵਿ ਦਾ ਇੱਕ ਪ਼ਤਿਨਿਧ ਰੂਪ।

ਸਿੱਖ ਸਾਹਿਤ ਵਿੱਚ ਇਹ ਕਾਵਿ ਰੂਪ ਬਹੁਤ ਪ੍ਰਚਲਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ 22 ਵਾਰਾਂ ਦਰਜ ਹਨ ਜਿਨ੍ਹਾਂ ਵਿੱਚ 21 ਵਾਰਾਂ ਤਾਂ ਗੁਰੂ ਸਾਹਿਬਾਨ ਦੁਆਰਾ ਰਚਿਤ ਹੈ ਤੇ ਇੱਕ ਵਾਰ ਰਾਇ ਬਲਵੰਡ ਅਤੇ ਸਤੈ ਦੁਆਰਾ ਰਚਿਤ ਹੈ। 21 ਵਾਰਾਂ ਵਿੱਚ ਤਿੰਨ ਵਾਰਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੁਆਰਾ ਰਚਿਤ ਹਨ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਮਾਝ ਰਾਗ ਅਧੀਨ ਰਚਿਤ ਵਾਰ ਦੀ ਵਿਚਾਰ  ਸ਼ੁਰੂ ਕਰਾਂਗੇ।

- Advertisement -

ਸ੍ਰੀ ਗੁੁਰੂ ਨਾਨਕ ਪਾਤਸ਼ਾਹ ਦੀ ਮਾਝ ਰਾਗ ਵਿੱਚ ਦਰਜ ਇਸ ਵਾਰ ਦਾ ਮੁੱਖ ਭਾਵ ਹੈ ਕਿ ਕਰਤਾਰ ਦੇ ਰਚੇ ਬਹੁ-ਰੰਗੀ ਜਗਤ ਦੀ ਮਮਤਾ ਮਨੁੱਖ ਲਈ ਦੁੱਖਾਂ ਦਾ ਮੂਲ ਹੈ। ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਹੀ ਇਸ ਤੋਂ ਬਚ ਸਕੀਦਾ ਹੈ; ਜੰਗਲ ਵਾਸ, ਵਿੱਦਿਆ, ਉੱਚੀ ਜਾਤਿ, ਧਾਰਮਿਕ ਭੇਖ, ਪਾਠ, ਜਾਂ ਕੋਈ ਸਿਆਣਪ ਚਤੁਰਾਈ ਇਸ ਤੋਂ ਬਚਾ ਨਹੀਂ ਸਕਦੇ। ਪ੍ਰਭੂ ਦੇ ਦਰ ਤੋਂ ਗੁਰੂ ਦੀ ਸਰਨ ਤੇ ਸਿਮਰਨ ਦੀ ਦਾਤਿ ਹੀ ਸਦਾ ਮੰਗੀਏ।

ਵਾਰ ਮਾਝ ਕੀ ਤਥਾ ਸਲੋਕ ਮਹਲਾ ੧  ਦਿੱਤੇ ਸਿਰਲੇਖ ਦੇ ਅਰਥ ਹਨ ਕਿ ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ ਪਰ ਇਸ ਦਾ ਅਰਥ ਇਹ ਬਿਲਕੁੱਲ ਹੀ ਨਹੀਂ ਹੈ ਕਿ ਇਸ ਵਾਰ ਇਸ ‘ਵਾਰ’ ਦੀਆਂ ‘ਪਉੜੀਆਂ ਤੇ ਸਲੋਕ’ ਗੁਰੂ ਨਾਨਕ ਦੇਵ ਨੇ ਇਕੱਠੇ ਹੀ ਉਚਾਰੇ ਸਨ।

ਪੰਜਾਬ ਵਿੱਚ ‘ਵਾਰ’ ਲੋਕ ਗਾਇਨ ਰੂਪ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਜੋ ਕਿ ਪਉੜੀਆਂ ਦੇ ਰੂਪ ਵਿੱਚ ਹੀ ਪ੍ਰਚਾਰ ਅਧੀਨ ਸੀ। ਵਾਰ’ ਕੇਵਲ ‘ਪਉੜੀਆਂ’ ਦਾ ਸੰਗ੍ਰਹਿ ਹੈ, ‘ਵਾਰ’ ਦਾ ਅਸਲ ਰੂਪ ਸਿਰਫ਼ ‘ਪਉੜੀਆਂ’ ਹਨ। ਵਾਰ ਦੇ ਸਰੂਪ ਨੂੰ ਨਵਾਂ ਰੂਪ ਭਾਵ ਵਾਰ ਨੂੰ ਵਿਸ਼ੇਸ਼ ਰਾਗ ਤੇ ਧੁਨਿ ਅਧੀਨ ਪਉੜੀਆਂ ਤੇ ਸਲੋਕਾਂ ਸਮੇਤ ਗਾਉਣ ਦੀ ਤਾਕੀਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਗਈ। ‘(ਸ੍ਰੀ ਗੁਰੂ) ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਇਹ ਸਲੋਕ ਗੁਰੂ ਅਰਜਨ ਸਾਹਿਬ ਨੇ ਵਾਰਾਂ ਨਾਲ ਅੰਕਿਤ ਕਰਵਾਏ। ‘ਵਾਰਾਂ’ ਨਾਲ ਦਰਜ ਕਰਨ ਤੋਂ ਪਿਛੋਂ ਜਿਹੜੇ ਸਲੋਕ ਵਧ ਰਹੇ, ਉਹ ਗੁਰੂ ਸਾਹਿਬ ਨੇ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਅੰਕਿਤ ਕਰਵਾਏ।

ਮਾਝ ਰਾਗ ਦੀ ਇਸ ‘ਵਾਰ’ ਦੀ ਸਾਰੀ ਬਣਤਰ ਨੂੰ ਰਤਾ ਗਹੁ ਨਾਲ ਵੇਖੀਏ ਤਾਂ ਇਹ ਗੱਲ ਸਾਫ਼ ਦਿੱਸ ਪੈਂਦੀ ਹੈ ਕਿ ਪਹਿਲਾਂ ਸਿਰਫ਼ ‘ਪਉੜੀਆਂ ਸਨ। ‘ਬਣਤਰ’ ਵਿਚ ਹੇਠ-ਲਿਖੀਆਂ ਗੱਲਾਂ ਧਿਆਨ-ਜੋਗ ਹਨ:

ਕੁੱਲ 27 ਪਉੜੀਆਂ ਹਨ ਤੇ ਹਰੇਕ ਪਉੜੀ ਦੀਆਂ ਅੱਠ ਅੱਠ ਤੁਕਾਂ ਹਨ। 27 ਪਉੜੀਆਂ ਵਿਚੋਂ ਸਿਰਫ਼ 14 ਐਸੀਆਂ ਹਨ, ਜਿਨ੍ਹਾਂ ਨਾਲ ਸਲੋਕ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਹਨ ਪਰ ਇਹਨਾਂ ਸਲੋਕਾਂ ਦੀ ਗਿਣਤੀ ਹਰੇਕ ਪਉੜੀ ਨਾਲ ਇਕੋ ਜੇਹੀ ਨਹੀਂ। 10 ਪਉੜੀਆਂ ਨਾਲ ਦੋ-ਦੋ ਸਲੋਕ ਹਨ ਤੇ ਪਉੜੀ ਪਹਿਲੀ ਤੇ ਸੱਤਵੀਂ ਨਾਲ ਤਿੰਨ-ਤਿੰਨ, ਪਉੜੀ ਨੌਵੀਂ ਨਾਲ ਚਾਰ, ਪਉੜੀ ਤੇਹਰਵੀਂ ਨਾਲ ਸੱਤ ਹਨ। ਪਉੜੀ ਤੀਜੀ, ਅਠਾਰਵੀਂ, ਬਾਈਵੀਂ ਤੇ ਪੱਚਵੀਂ ਨਾਲ ਕੋਈ ਭੀ ਸਲੋਕ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ। ਬਾਕੀ ਰਹਿ ਗਈਆਂ 9 ਪਉੜੀਆਂ; ਇਹਨਾਂ ਨਾਲ ਇੱਕ ਇੱਕ ਸਲੋਕ ਗੁਰੂ ਨਾਨਕ ਦੇਵ ਜੀ ਦਾ ਦਰਜ ਹੈ ਅਤੇ ਇੱਕ ਇੱਕ ਹੋਰ ਗੁਰ-ਵਿਅਕਤੀ ਦਾ ਅੰਕਿਤ ਹੈ।

- Advertisement -

ਹਰੇਕ ‘ਪਉੜੀ’ ਵਿਚ ਤੁਕਾਂ ਦੀ ਗਿਣਤੀ ਇਕੋ ਜਿਹੀ ਹੋਣ ਤੋਂ ਇਹ ਗੱਲ ਸਾਫ਼ ਜਾਪਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ‘ਵਾਰ’ ਲਿਖਣ ਵੇਲੇ ‘ਕਵਿਤਾ’ ਦੇ ਸੋਹਜ ਦਾ ਭੀ ਖ਼ਿਆਲ ਰੱਖਿਆ ਹੈ ਪਰ ਜਿਸ ਕਵੀ-ਗੁਰੂ ਨੇ ਪਉੜੀਆਂ ਦੀ ਬਣਤਰ ਵਲ ਇਤਨਾ ਧਿਆਨ ਦਿੱਤਾ ਹੈ, ਉਸ ਸੰਬੰਧੀ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਸਲੋਕ ਲਿਖਣ ਵੇਲੇ ਕਿਤੇ ਦੋ ਦੋ ਲਿਖਦੇ, ਕਿਤੇ 3, ਕਿਤੇ 4, ਕਿਤੇ 7 ਲਿਖਦੇ ਤੇ ਕਈ ਪਉੜੀਆਂ ਖ਼ਾਲੀ ਹੀ ਰਹਣ ਦੇਂਦੇ। ਅਸਲ ਗੱਲ ਇਹੀ ਹੈ ਕਿ ‘ਵਾਰ’ ਦਾ ਪਹਿਲਾ ਸਰੂਪ ਸਿਰਫ਼ ‘ਪਉੜੀਆਂ’ ਹੀ ਸੀ। ਸਲੋਕ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ।

ਸ੍ਰੀ ਗੁਰੂ ਨਾਨਕ ਸਾਹਿਬ ਦੁਆਰ ਰਚਿਤ ਮਾਝ ਰਾਗ ਦੇ ਵਾਰ ਬਾਣੀ ਰੂਪ ਦੇ ਸਿਰਲੇਖ ਵਿੱਚ ਆਏ “ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ” ਦੇ ਅਰਥ ਵੀ ਵਿਸ਼ੇਸ਼ ਹਨ। ਪ੍ਰੋ. ਸਾਹਿਬ ਸਿੰਘ ਅਨੁਸਾਰ ਮੁਰੀਦ ਖ਼ਾਂ ਤੇ ਚੰਦ੍ਰਹੜਾ ਦੋ ਰਾਜਪੂਤ ਸਰਦਾਰ ਹੋਏ ਹਨ ਅਕਬਰ ਦੇ ਦਰਬਾਰ ਵਿਚ; ਪਹਿਲੇ ਦੀ ਜਾਤਿ ਸੀ ‘ਮਲਕ’ ਦੂਜੇ ਦੀ ‘ਸੋਹੀ’। ਦੋਹਾਂ ਦੀ ਆਪੋ ਵਿਚ ਲੱਗਦੀ ਸੀ। ਇਕ ਵਾਰੀ ਬਾਦਸ਼ਾਹ ਨੇ ਮੁਰੀਦ ਖ਼ਾਂ ਨੂੰ ਕਾਬਲ ਦੀ ਮੁਹਿੰਮ ਤੇ ਘੱਲਿਆ, ਉਸ ਨੇ ਵੈਰੀ ਨੂੰ ਜਿੱਤ ਤਾਂ ਲਿਆ, ਪਰ ਰਾਜ-ਪ੍ਰਬੰਧ ਵਿਚ ਕੁਝ ਦੇਰ ਲੱਗ ਗਈ। ਚੰਦ੍ਰਹੜੇ ਨੇ ਅਕਬਰ ਪਾਸ ਚੁਗ਼ਲੀ ਖਾਧੀ ਕਿ ਮੁਰੀਦ ਖ਼ਾਂ ਆਕੀ ਹੋ ਬੈਠਾ ਹੈ। ਸੋ, ਮਾਲਕ ਦੇ ਵਿਰੁਧ ਫ਼ੌਜ ਦੇ ਕੇ ਇਸ ਨੂੰ ਘੱਲਿਆ ਗਿਆ। ਦੋਵੇ ਜੰਗ ਵਿਚ ਆਪੋ ਵਿਚ ਲੜ ਕੇ ਮਾਰੇ ਗਏ। ਢਾਡੀਆਂ ਨੇ ਇਸ ਜੰਗ ਦੀ ‘ਵਾਰ’ ਲਿਖੀ, ਦੇਸ ਵਿਚ ਪ੍ਰਚਲਤ ਹੋਈ। ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ। ਮੁਰੀਦ ਖ਼ਾਂ ਵਾਲੀ ਵਾਰ ਦਾ ਨਮੂਨਾ:“ਕਾਬਲ ਵਿਚ ਮੁਰੀਦ ਖ਼ਾਂ ਫੜਿਆ ਵਡ ਜੋਰ।”

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਵਾਰਾਂ ਵਿਚੋਂ 9 ਵਾਰਾਂ ਨੂੰ ਵਿਸ਼ੇਸ਼ ਧੁਨੀ ਅਨੁਸਾਰ ਗਾਉਣ ਦੀ ਤਾਕੀਦ ਕੀਤੀ ਗਈ ਹੈ। ਮਾਝ ਰਾਗ ਦੀ ਵਾਰ ਦੇ ਉਕਤ ਸਿਰਲੇਖ ਤੋਂ ਬਾਅਦ  ਮੰਗਲਾਚਰਨ ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਆਉਂਦਾ ਹੈ। 

ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਲੜੀ ਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਇਸ ਵਾਰ ਦੇ ਸਲੋਕਾਂ ਤੇ ਪਉੜੀਆਂ ਦੀ  ਵਿਚਾਰ ਸਿਲਸਲੇਵਾਰ ਕਰਾਂਗੇ। 

*gurdevsinghdr@gmail.com

Share this Article
Leave a comment