Breaking News

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ …ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -143

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਰਹਿੰਦਿਆਂ ਮਨੁੱਖ ਕਈ ਤਰਾਂ ਦੇ ਵਪਾਰ ਕਰਦਾ ਹੈ।  ਹਰ ਮਨੁੱਖ ਕੁਝ ਅਪਣੀਆਂ ਲੋੜਾਂ ਦੇ ਮੁਤਾਬਕ ਅਤੇ ਕੁਝ ਆਪਣੀਆਂ ਇਛਾਵਾਂ ਦੇ ਪੂਰਤੀ ਹਿਤ ਪਦਾਰਥ ਖਰੀਦਾ ਹੈ। ਮਨੁੱਖ ਜੋ ਵੀ ਪਦਾਰਥ ਖਰੀਦ ਦਾ ਹੈ ਉਹ ਸਾਰੇ ਕਦੇ ਨ ਕਦੇ ਖਰਾਬ ਹੋ ਜਾਂਦੇ ਹਨ ਜਾ ਖਤਮ ਹੋ ਜਾਂਦੇ ਹਨ ਜਿਸ ਨਾਲ ਮਨੁੱਖ ਨੂੰ ਉਨ੍ਹਾਂ ਦੀ ਮੁੜ ਪ੍ਰਾਪਤੀ ਲਈ ਉਦਮ ਕਰਨਾ ਪੈਂਦਾ ਹੈ। ਗੁਰਬਾਣੀ ਵੀ ਸਾਨੂੰ ਇੱਕ ਅਜਿਹਾ ਸਚਾ ਵਪਾਰ ਕਰਨ ਦਾ ਉਪਦੇਸ਼ ਕਰਦੀ ਹੈ ਜਿਸ ਨਾਲ ਸਾਡਾ ਜੀਵਨ ਹੀ ਸਫਲ ਹੋ ਜਾਂਦਾ ਹੈ। ਇਹ ਅਜਿਹਾ ਵਪਾਰ ਹੈ ਜੋ ਕਦੇ ਖਤਮ ਨਹੀਂ ਹੁੰਦਾ ਅਤੇ ਇਸ ਨਾਲ ਚਿਰਜੀਵੀ ਸੁੱਖ ਪ੍ਰਾਪਤ ਹੁੰਦਾ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 23’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 23ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਸੱਚਾ ਵਪਾਰ ਕਰਨ ਦਾ ਉਪਦੇਸ਼ ਕਰ ਰਹੇ ਹਨ : 

ਸਿਰੀਰਾਗੁ ਮਹਲਾ ੧॥ ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

ਪਦ ਅਰਥਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ। ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ। ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ) । ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ।1।

ਅਰਥਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ।1।

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ।1। ਰਹਾਉ।

ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ।1। ਰਹਾਉ।

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥

ਖੋਟੈ = ਖੋਟੇ ਦੀ ਰਾਹੀਂ। ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ। ਵਣੰਜਿਐ = ਵਣਜੇ ਹੋਏ ਦੀ ਰਾਹੀਂ। ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ।

ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ। ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ) । ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ।2।

ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥

ਖੋਟੇ = ਖੋਟੇ (ਸਿੱਕੇ) । ਪੋਤੈ = ਖ਼ਜ਼ਾਨੇ ਵਿਚ। ਗੁਰ ਦਰਸੁ = ਗੁਰੂ ਦਾ ਦਰਸ। ਖੋਟਿ = ਖੋਟ ਦੀ ਰਾਹੀਂ। ਨ ਸੀਝਸਿ = ਕਾਮਯਾਬ ਨਹੀਂ ਹੁੰਦਾ। ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ। ਖੋਇ = ਗਵਾ ਕੇ।3।

ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ। ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ।3।

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥

ਸਬਦਿ ਸਾਲਾਹ = ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ। ਜਪਿ = ਜਪ ਕੇ। ਅਗਲਾ ਲਾਹਾ = ਬਹੁਤ ਨਫ਼ਾ। ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ: ਲਫ਼ਜ਼ ‘ਸਾਲਾਹ’, ‘ਤਿਨਾਹ’ ਦੇ ਨਾਲ ਰਲਾਣ ਲਈ ‘ਮਾਹਿ’ ਦੇ ਥਾਂ ‘ਮਾਹ’ ਹੈ}।4।

ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ। ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ।4। 23।

ਗੁਰੂ ਸਾਹਿਬ ਇਸ ਸ਼ਬਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਰਾਮ ਨਾਮ ਦਾ ਸੱਚਾ ਵਪਾਰ ਕਰਨਾ ਚਾਹੀਦਾ ਹੈ ਜੋ ਹਮੇਸ਼ਾਂ ਨਾਲ ਹੀ ਰਹਿੰਦਾ ਹੈ। ਜੋ ਲੋਕ ਪ੍ਰਲੋਕ ਦੋਵੇਂ ਜਗ੍ਹਾ ਕੰਮ ਆਉਂਦਾ ਹੈ। ਇਸ ਲਈ ਰਾਮ ਨਾਮ ਦਾ ਸੱਚਾ ਸੌਦਾ ਹੀ ਖਰੀਦਣਾ ਚਾਹੀਦਾ ਹੈ।  ਰਾਮ ਨਾਮ ਦਾ ਸੌਦਾ ਕੇਵਲ ਗੁਰੂ ਦੇ ਦਰਸਾਏ ਮਾਰਗ ‘ਤੇ ਚੱਲਣ ਨਾਲ ਹੀ ਸੰਭਵ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (March 17th, 2023)

ਧਨਾਸਰੀ ਮਹਲਾ ੫॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ …

Leave a Reply

Your email address will not be published. Required fields are marked *