ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -17
ਗੁਰਦੁਆਰਾ ਬਾਬਾ ਰਾਮਥੰਮਣ ਜੀ ਕਾਲੂਖਾਰਾ, ਕਸੂਰ
*ਡਾ. ਗੁਰਦੇਵ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੰਤ ਇਤਿਹਾਸਕ ਅਸਥਾਨਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਸੂਰ ਵਿਚਲਾ ਗੁਰਦੁਆਰਾ ਬਾਬਾ ਰਾਮਥੰਮਣ ਜੀ ਕਾਲੂਖਾਰਾ ਵੀ ਵਿਸ਼ੇਸ਼ ਹੈ। ਇਤਿਹਾਸਕ ਸਰੋਤਾਂ ਦੀ ਮੰਨੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਸ ਅਸਥਾਨ ‘ਤੇ ਕਈ ਵਾਰ ਭਾਗ ਲਾਏ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਵਾਇਆ । ਇਹ ਪਾਵਨ ਅਸਥਾਨ ਪਿੰਡ ਕਾਲੂਖਾਰਾ, ਜਿਲਾ ਤੇ ਤਹਿਸੀਲ ਕਸੂਰ, ਪਾਕਿਸਤਾਨ ਵਿੱਚ ਸੁਸੋਭਿਤ ਹੈ। ਰੇਲਵੇ ਸਟੇਸ਼ਨ ਰਾਓਖਾਨਾ ਜਾਂ ਰਾਜਾ ਜੰਗ ਤੋਂ ਇਹ ਪਵਿੱਤਰ ਅਸਥਾਨ 12 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ। ਬਾਬਾ ਰਾਮਥੰਮਣ ਗੁਰੂ ਨਾਨਕ ਸਾਹਿਬ ਦੇ ਮਸਰੇ ਸਨ ਜੋ ਇੱਕ ਪ੍ਰਤਾਪੀ ਸਾਧੂ ਵੀ ਸਨ। ਗੁਰੂ ਜੀ ਅਕਸਰ ਉਨ੍ਹਾਂ ਨੂੰ ਮਿਲਣ ਆ ਜਾਇਆ ਕਰਦੇ ਸਨ। ਇਸ ਅਸਥਾਨ ‘ਤੇ ਕਿਲੇ ਵਰਗਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਪਹਿਲਾਂ ਇਥੇ ਵਿਸ਼ਾਲ ਸਰੋਵਰ ਵੀ ਸੀ ਪ੍ਰੰਤੂ ਹੁਣ ਇਹ ਸਰੋਵਰ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਪਹਿਲਾਂ ਇਥੇ ਹਰ ਸਾਲ 14 ਚੇਤ ਤੋਂ ਵਿਸਾਖੀ ਤੱਕ ਮੇਲਾ ਲੱਗਦਾ ਸੀ ਪ੍ਰੰਤੂ ਹੁਣ ਇਸ ਦਾ ਦਾਇਰਾ ਪਹਿਲਾਂ ਜੇਹਾ ਨਹੀਂ ਰਿਹਾ। ਇਸ ਅਸਥਾਨ ਦੇ ਨਾਮ ਹਜ਼ਾਰਾਂ ਏਕੜ ਜ਼ਮੀਨ ਤੇ ਜਗੀਰ ਹੈ।
ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 18ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਉਕਤ ਜਾਣਕਾਰੀ ਦੇ ਪ੍ਰਮੁੱਖ ਸਰੋਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕਾਂ ਹਨ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
- Advertisement -
*gurdevsinghdr@gmail.com