ਸ਼ਬਦ ਵਿਚਾਰ 155 -ਮਨ ਰੇ ਗ੍ਰਿਹ ਹੀ ਮਾਹਿ ਉਦਾਸੁ … ਡਾ. ਗੁਰਦੇਵ ਸਿੰਘ

TeamGlobalPunjab
6 Min Read

*ਡਾ. ਗੁਰਦੇਵ ਸਿੰਘ

ਢੌਂਗੀ ਲੋਕ ਸੰਸਾਰ ਵਿੱਚ ਆਮ ਹੀ ਤੁਰੇ ਫਿਰਦੇ ਹਨ। ਇਹਨ੍ਹਾਂ ਲੋਕਾਂ ਦਾ ਭੇਖ ਕੁਝ ਹੁੰਦਾ ਹੈ। ਇਨ੍ਹਾਂ ਦੀ ਜ਼ੁਬਾਨ ‘ਤੇ ਕੁਝ ਹੋਰ ਤੇ ਪਰ ਮਨ ਅੰਦਰ ਕੁਝ ਹੋਰ। ਕੁਝ ਦੇਖਣ ਵਿੱਚ ਚੰਗੇ ਹੁੰਦੇ ਹਨ ਪਰ ਉਹ ਅਸਲ ਵਿੱਚ ਅੰਦਰੋਂ ਇਸ ਦੇ ਵਿਪਰੀਤ ਹੀ ਹੁੰਦੇ ਹਨ। ਬਹੁਤ ਘੱਟ ਅਜਿਹੇ ਗੁਰਮੁਖ ਹੁੰਦੇ ਹਨ ਜੋ ਅੰਦਰੋਂ ਬਾਹਰੋਂ ਇੱਕ ਹੁੰਦੇ ਹਨ। ਜਿਹੜੇ ਭੇਖੀ ਲੋਕ ਹੁੰਦੇ ਹਨ ਉਨ੍ਹਾਂ ਨੂੰ ਗੁਰਬਾਣੀ ਸ਼ੀਸ਼ਾ ਦਿਖਾਉਂਦੀ ਹੈ।

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 26’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 35ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਬਹਿਰੂਪੀ ਭੇਖ ਨੂੰ ਛੱਡ ਕੇ ਉਸ ਦੀ ਰਜਾ ਵਿੱਚ ਰਹਿਣ ਦਾ ਉਪਦੇਸ਼ ਦੇ ਰਹੇ ਹਨ:

ਸਿਰੀਰਾਗੁ ਮਹਲਾ ੩ ॥ ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥

ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ। (ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ।1।

ਪਦ ਅਰਥ: ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ। ਕਰਿ = ਕਰ ਕੇ। ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਮਾਇ = ਕਮਾ ਕੇ, ਕਰ ਕੇ। ਮਹਲੁ = ਟਿਕਾਣਾ। ਪਾਵਈ = ਪਾਵੈ, ਪ੍ਰਾਪਤ ਕਰਦਾ ਹੈ, ਲੱਭ ਲੈਂਦਾ ਹੈ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਮੌਤ ਸਹੇੜ ਕੇ। ਵਿਸਟਾ ਮਾਹਿ = ਗੰਦ ਵਿਚ, ਵਿਕਾਰਾਂ ਦੇ ਗੰਦ ਵਿਚ।1।

ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥

ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੰਜਮੁ = ਵਿਕਾਰਾਂ ਵਲੋਂ ਪਰਹੇਜ਼। ਕਰਣੀ = ਕਰਤੱਬ, ਕਰਨ-ਜੋਗ ਕੰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸੁ = (ਆਤਮਕ) ਚਾਨਣ, ਸੂਝ।1। ਰਹਾਉ।

ਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ) । (ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ।1। ਰਹਾਉ।

ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥

ਸਬਦਿ = ਸ਼ਬਦ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਘਰੈ = ਘਰ ਹੀ। ਘਰੈ ਮਹਿ = ਘਰ ਹੀ ਮਹਿ। ਮੇਲਿ = ਮੇਲ ਵਿਚ, ਇਕੱਠ ਵਿਚ। ਮਿਲਾਇ = ਮਿਲਿ, ਮਿਲ ਕੇ।2।

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ। (ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।2।

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥

ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ। ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ।3।

(ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ, ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ।3।

ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥ ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥

ਕੰਠਿ = ਗਲ ਵਿਚ, ਲਾਇ = ਲਾ ਕੇ। ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ।4।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ, ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ।4।

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥ ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥

ਪ੍ਰਭ ਭਾਵੈ = ਹੇ ਪ੍ਰਭੂ! ਤੈਨੂੰ ਭਾਵੈ। ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਸਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।4।

(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ।5।2। 35।

ਸੰਸਾਰ ਦੇ ਜਿੰਨੇ ਵੀ ਭੋਗ ਵਿਲਾਸ ਉਹ ਸਾਰੇ ਕਰਨ ਨਾਲ ਵੀ ਮਨੁੱਖ ਨੂੰ ਸਹਿਜਤਾ ਨਹੀਂ ਮਿਲ ਸਕਦੀ।  ਗੁਰੂ ਦੀ ਸ਼ਰਨ ਪੈ ਕੇ ਅਕਾਲ ਪੁਰਖ ਦੇ ਨਾਮ ਦੀ ਕਮਾਈ ਕਰਨ ਨਾਲ ਹੀ ਮਨ ‘ਚ  ਸ਼ਾਂਤੀ ਤੇ ਸਹਿਜਤਾ ਆ ਸਕੇਗੀ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਇੱਕ ਨਵੇਂ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*[email protected]

Share This Article
Leave a Comment