ਗੁਰਦੁਆਰਾ ਮਾਲ ਜੀ ਸਾਹਿਬ, ਸ੍ਰੀ ਨਨਕਾਣਾ ਸਾਹਿਬ -ਡਾ. ਗੁਰਦੇਵ ਸਿੰਘ

TeamGlobalPunjab
4 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -5

ਗੁਰਦੁਆਰਾ ਮਾਲ ਜੀ ਸਾਹਿਬ, ਸ੍ਰੀ ਨਨਕਾਣਾ ਸਾਹਿਬ

-ਡਾ. ਗੁਰਦੇਵ ਸਿੰਘ*

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਕਈ ਸਾਖੀਆਂ ਪ੍ਰਚਲਿਤ ਹਨ ਜਿਵੇਂ ਪਾਂਧਾ ਨੂੰ ਸਿੱਖਿਆ ਦੇਣੀ, ਖੇਤ ਹਰੇ ਭਰੇ ਹੋ ਜਾਣੇ, ਵੱਡੇ ਪੱਥਰ ਨੂੰ ਹੱਥ ਨਾਲ ਰੋਕਣਾ, ਸੂਰਜ ਦੀ ਉਲਟ ਦਿਸ਼ਾ ਵੱਲ ਪਾਣੀ ਦੇਣਾ, ਠੱਗ ਨੂੰ ਸੱਜਣ ਬਣਾਉਂਣਾ, ਕੌੜੇ ਰੀਠੇ ਮਿੱਠੇ ਹੋਣੇ ਆਦਿ। ਅਜਿਹੀ ਹੀ ਇੱਕ ਸਾਖੀ ਗੁਰੂ ਜੀ ਦੇ ਬਚਪਨ ਨਾਲ ਸਬੰਧਤ ਹੈ ਜਿਸ ਅਨੁਸਾਰ ਇੱਕ ਕਾਲੇ ਫਨੀਅਰ ਨਾਗ ਨੇ ਸੁਤੇ ਹੋਏ ਗੁਰੂ ਜੀ ਦੇ ਮੁੱਖ ‘ਤੇ ਛਾਂ ਕੀਤੀ ਸੀ। ਇਹ ਸਾਖੀ ਵੀ ਪ੍ਰਚਲਿਤ ਹੈ ਅਤੇ ਇਹ ਜਿਸ ਅਸਥਾਨ ਨਾਲ ਸਬੰਧਤ ਹੈ ਉਥੇ ਗੁਰਦੁਆਰਾ ਵੀ ਸੁਸ਼ੋਭਿਤ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਮਾਲ ਸਾਹਿਬ। ਗੁਰਦੁਆਰਾ ਸਾਹਿਬਾਨ ਦੇ ਚੱਲ ਰਹੇ ਲੜੀਵਾਰ ਇਤਿਹਾਸ ਵਿੱਚ ਅੱਜ ਅਸੀਂ ਇਸੇ ਗੁਰ ਅਸਥਾਨ ਦੀ ਇਤਿਹਾਸਕਤਾ ਨੂੰ ਜਾਨਣ ਦਾ ਯਤਨ ਕਰਾਂਗੇ।

ਗੁਰਦੁਆਰਾ ਮਾਲ ਜੀ ਸਾਹਿਬ ਉਸ ਅਸਥਾਨ ਉਤੇ ਸਥਿਤ ਹੈ ਜਿਸ ਅਸਥਾਨ ‘ਤੇ ਗੁਰੂ ਨਾਨਕ ਸਾਹਿਬ ਬਾਲ ਉਮਰੇ ਮੱਝਾਂ ਚਾਰਨ ਜਾਂਦੇ ਸਨ। ਇੱਕ ਪ੍ਰਚਲਿਤ ਸਾਖੀ ਅਨੁਸਾਰ ਗਰਮੀਆਂ ਦੇ ਦਿਨ ਸੀ। ਗੁਰੂ ਜੀ ਹਰ ਰੋਜ ਦੀ ਤਰ੍ਹਾਂ ਅੱਜ ਵੀ ਮੱਝਾਂ ਚਾਰਨ ਲਈ ਗਏ। ਦੁਪਿਹਰ ਹੋਈ ਤਾਂ ਗੁਰੂ ਇੱਕ ਦਰੱਖਤ ਦੀ ਛਾਂ ਥੱਲੇ ਆਰਾਮ ਕਰਨ ਲੱਗੇ। ਥੋੜੇ ਸਮੇਂ ਬਾਅਦ ਗੁਰੂ ਜੀ ਦੀ ਅੱਖ ਲੱਗ ਗਈ। ਦਰੱਖਤ ਦੀ ਛਾਂ ਹੋਲੀ ਹੋਲੀ ਢਲ ਗਈ। ਗੁਰੂ ਜੀ ਦੇ ਮੁੱਖੜੇ ‘ਤੇ ਸੂਰਜ ਦੀਆਂ ਤੇਜ਼ ਕਿਰਨਾਂ ਪੈਣ ਲੱਗੀਆਂ ਤਾਂ ਇੱਕ ਫਨੀਅਰ ਨਾਗ ਨੇ ਗੁਰੂ ਜੀ ਦੇ ਮੁੱਖ ਨੂੰ ਆਪਣੇ ਫਨ ਦੇ ਨਾਲ ਛਾਂ ਕਰ ਦਿੱਤੀ। ਜਿਸ ਨੂੰ ਦੇਖ ਕੇ ਸਭ ਹੀ ਹੈਰਾਨ ਹੋ ਗਏ। ਇਹ ਦਰੱਖਤ ਅੱਜ ਵੀ ਗੁਰਦੁਆਰਾ ਮਾਲ ਸਾਹਿਬ ਵਿਖੇ ਸਥਿਤ ਹੈ। ਬਾਲੇ ਵਾਲੀ ਜਨਮ ਸਾਖੀ  ਵਿੱਚ ਇਸ ਸਾਖੀ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਗਿਆ:

- Advertisement -

“ਮੰਝੀ ਚਾਰਣਿ ਗਇਆ ਸੀ ਵੈਸਾਖ ਦੇ ਦਿਨ ਆਹੇ ਦੁਪਹਰ ਵੇਲੇ ਆਇ ਇਕਰਿ ਦਰਖਤ ਹੇਠਿ ਟਿਕ ਗਇਆ। ਅਤੇ ਮੰਝੀ ਭੀ ਖੜੀਆ ਕੀਤੀਆਂ। ਜਿਉਂ ਟਿਕਿ ਗਇਆ ਸੀ। ਤਿਉਂ ਕਾਲਾ ਨਾਗ ਮਥੇ ਉਪਰਿ ਆਇ ਬੈਠੋ ਸੁ ਫਣ ਕਾਢਿ ਕੈ। ਕਣਕ ਦੇ ਦਿਨ ਆਹੇ । ਕਣਕ ਦੀ ਕਛਕ ਕਰ ਕਰਿ ਕੈ ਰਾਇ ਬੁਲਾਰੁ ਘਰ ਨੂੰ ਆਂਵਦਾ ਸੀ। ਤੇ ਦੇਖੈ ਇੱਕ ਨਿੰਗਰੁ (?) ਸੁਤਾ ਪਇਆ ਹੈ। ਮਥੇ ਉਪਰਿ ਕਾਲਾ ਨਾਗੁ ਫਣੁ ਕਢੀ ਬੈਠਾ। ਰਾਇ ਬੁਲਾਰ ਹਟਿਆ ਹਟ ਕੈ ਖੜਾ ਹੋਇਆ, ਜੀਅ ਵਿਚਿ ਵੀਚਾਰ ਕੀਤੋਯ। ਜੇ ਏਹੁ ਨੀਗਰ ਜੀਵਦਾ ਹੈ ਤਾਂ ਇਹ ਕੋਈ ਅੰਬੀਆ ਹੈ ਅਤੇ ਜੇ ਸਾਹੁ ਪੀ ਗਇਆ ਹੈ ਤਾਂ ਏਹ ਮੁਆ ਹੈ। ਜਾ ਪਿਛੋਂ ਆਦਮੀ ਆਇ ਪਹੁੰਚੇ ਤਾਂ ਰਾਇ ਬੁਲਾਰ ਉਨਾ ਨੁ ਆਖਿਆ। ਦੇਖੋ ਤਾਂ ਏਹੁ ਨੀਗਰ ਕਉਣ ਪਾਇਆ ਹੈ। ਜਾ ਓਹੁ ਦੇਖਨਿ ਤਾਂ ਕਿਆ ਵੇਖਨਿ ਜੋ ਕਾਲੂ ਪਟਵਾਰੀ ਦਾ ਪੁਤ੍ਰ ਨਾਨਕ ਪਇਆ। (…) ਤਾਂ ਰਾਇ ਬੁਲਾਰ ਆਖਿਆ ਦਿਖਾ ਇਸ ਤਾਈ ਉਠਾਵਹੁ। (…) ਤਾਂ ਨਾਨਕ ਹਥਿ ਜੋੜਿ ਕੇ ਤਜੀਮ ਕੀਤੀ ਰਾਇ ਬੁਲਾਰੁ ਘੋੜੀ ਤੋਂ ਉਤਰ ਪਇਆ ਬਗਲ ਵਿਚਿ ਲੀਤੋਸੁ ਅਤੇ ਮਥਾ ਚੁਮਿਓਸੁ। ਬਹੁਤ ਅਦਬ ਲੀਤੋਸ। …” (ਜਨਮ ਸਾਖੀ ਪਰੰਪਰਾ, ਪੰਨਾ 225)

ਗੁਰਦੁਆਰਾ ਮਾਲ ਸਾਹਿਬ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਸਥਿਤ ਹੈ। ਇਹ ਗੁਰਦੁਆਰਾ ਜਨਮ ਅਸਥਾਨ ਸਾਹਿਬ ਤੋਂ ਕੇਵਲ ਡੇਢ ਕਿਲੋਮੀਟਰ ਸ਼ੇਖੂਪਰਾ ਨੂੰ ਜਾਣ ਵਾਲੀ ਸੜਕ ‘ਤੇ ਨਾਨਕਾਣਾ ਸਾਹਿਬ ਵਿੱਚ ਸਥਿਤ ਹੈ। ਇੱਕ ਹਵਾਲੇ ਅਨੁਸਾਰ ਇਸ ਗੁਰਦੁਆਰਾ ਸਾਹਿਬ ਦੇ ਨਾਂ ਤਿੰਨ ਹਜ਼ਾਰ ਏਕੜ ਜਮੀਨ ਹੈ। ਗੁਰਦੁਆਰਾ ਸਾਹਿਬ ਦਾ ਸਰੋਵਰ ਜੋ ਕਿ ਜਮੀਨ ਤੋਂ ਪੰਜ ਫੁੱਟ ਉੱਚਾ ਹੈ, ਦੀ ਸੇਵਾ 1935 ਈਸਵੀ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਕਰਵਾਈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਛੇਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰ ਦੇ ਕੇ ਤੁਸੀਂ ਵੀ ਗੁਰ ਅਸਥਾਨਾਂ ਦੇ ਇਤਿਹਾਸ ਦੇ ਪ੍ਰਚਾਰ ਵਿੱਚ  ਆਪਣਾ ਹਿੱਸਾ ਪਾਓ । ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

- Advertisement -

* gurdevsinghdr@gmail.com

Share this Article
Leave a comment