Breaking News

ਸ਼ਬਦ ਵਿਚਾਰ 152 -ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ …ਡਾ. ਗੁਰਦੇਵ ਸਿੰਘ

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਜੋ ਕੁਝ ਅਸੀਂ ਦੇਖ ਰਹੇ ਹਾਂ ਉਸ ਦਾ ਮੁੱਢ ਇੱਕ ਹੀ ਹੈੇ। ਭਾਵ ਇਸ ਨੂੰ ਬਣਾਉਣ ਵਾਲਾ ਕੇਵਲ ਇੱਕ ਹੀ ਹੈ ਪਰ ਮਨੁੱਖ ਆਮ ਹੀ ਇਹ ਮਾਣ ਕਰ ਬੈਠਦਾ ਹੈ ਕਿ ਇਹ ਸਭ ਮੈਂ ਕੀਤਾ ਹੈ। ਮਨੁੱਖ ਜੋ ਵੀ ਸੰਸਾਰ ਵਿੱਚ ਚੰਗਾ ਹੁੰਦਾ ਹੈ ਉਸ ਦੀ ਸ਼ਾਬਾਸ਼ ਆਪਣੇ ਸਿਰ ਲੈਂਦਾ ਹੈ ਜੋ ਕੁਝ ਠੀਕ ਨਹੀਂ ਹੁੰਦਾ ਉਸ ਦੀ ਜਿੰਮੇਵਾਰੀ ਅਕਸਰ ਦੂਸਰਿਆਂ ‘ਤੇ ਸੁੱਟ ਦਿੰਦਾ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ “ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥੧॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 25’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 32ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਉਸ ਪ੍ਰਮਾਤਮਾ ਨੂੰ ਕੀ ਚੰਗਾ ਲੱਗਦਾ ਹੈ ਅਤੇ ਉਹ ਸਾਡੇ ‘ਤੇ ਕੀ ਕੀ  ਬਖਸ਼ਾਂ ਕਰ ਰਿਹਾ ਹੈ:

ਸਿਰੀਰਾਗੁ ਮਹਲਾ ੧ ਘਰੁ ੪ ॥ ਕੀਤਾ ਕਹਾ ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥ ਭਾਵੈ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ ਕਿਆ ਹੋਇ ॥੧॥

ਪਦ ਅਰਥ: ਕੀਤਾ = ਪੈਦਾ ਕੀਤਾ ਹੋਇਆ ਜੀਵ। ਮਨਿ = ਮਨ ਵਿਚ। ਕਹਾ ਮਾਨੁ ਕਰੇ = ਕੀਹ ਮਾਣ ਕਰ ਸਕਦਾ ਹੈ? ਕੈ ਹਥਿ = ਦੇ ਹੱਥ ਵਿਚ। ਭਾਵੈ = ਜੇ ਚੰਗਾ ਲੱਗੇ, ਜੇ ਉਸ ਦੀ ਮਰਜ਼ੀ ਹੋਵੇ। ਕੈ ਕਹਿਐ = ਦੇ ਕਹਿਣ ਨਾਲ।1।

(ਦੁਨੀਆ ਦੇ ਪਦਾਰਥਾਂ ਦੀ) ਵੰਡ (ਦੀ ਤਾਕਤ) ਦਾਤਾਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ, ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਆਪਣੇ ਮਨ ਵਿਚ (ਮਾਇਆ ਦਾ) ਕੀਹ ਮਾਣ ਕਰ ਸਕਦਾ ਹੈ? ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ। ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ।1।

ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥

ਸਚੁ = ਸਦਾ-ਥਿਰ ਰਹਿਣ ਵਾਲਾ। ਤਿਸੁ = ਉਸ ਨੂੰ। ਅੰਧਾ = ਗਿਆਨ-ਹੀਣ। ਕਚਾ = ਕੱਚਾ, ਹੋਛਾ। ਕਚੁ = ਹੋਛਾ। ਨਿਕਚੁ = ਬਿਲਕੁਲ ਹੋਛਾ।1। ਰਹਾਉ।

ਅਰਥ: ਪਰਮਾਤਮਾ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ (ਆਪਣਾ ਨਾਮ) ਹੀ ਪਸੰਦ ਆਉਂਦਾ ਹੈ। ਪਰ ਗਿਆਨ-ਹੀਣ ਜੀਵ (ਮਾਇਆ ਦੀ ਮਲਕੀਅਤ ਦੇ ਕਾਰਨ) ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ (ਪ੍ਰਭੂ ਨੂੰ ਇਹ ਹੋਛਾ-ਪਨ ਪਸੰਦ ਨਹੀਂ ਆ ਸਕਦਾ) ।1। ਰਹਾਉ।

ਜਾ ਕੇ ਰੁਖ ਬਿਰਖ ਆਰਾਉ ॥ ਜੇਹੀ ਧਾਤੁ ਤੇਹਾ ਤਿਨ ਨਾਉ ॥ ਫੁਲੁ ਭਾਉ ਫਲੁ ਲਿਖਿਆ ਪਾਇ ॥ ਆਪਿ ਬੀਜਿ ਆਪੇ ਹੀ ਖਾਇ ॥੨॥

ਆਰਾਉ = ਆਰਾਸਤਗੀ, ਸਜਾਵਟ। ਜਾ ਕੇ = ਜਿਸ ਦੇ (ਪੈਦਾ ਕੀਤੇ ਹੋਏ) । ਧਾਤੁ = ਅਸਲਾ। ਭਾਉ = ਭਾਵਨਾ, ਰੁਚੀ। ਬੀਜਿ = ਬੀਜ ਕੇ। ਖਾਇ = ਖਾਂਦਾ ਹੈ।2।

ਜਿਸ ਪਰਮਾਤਮਾ ਦੇ (ਪੈਦਾ ਕੀਤੇ ਹੋਏ ਇਹ) ਰੁੱਖ ਬਿਰਖ ਹਨ ਉਹ ਹੀ ਇਹਨਾਂ ਨੂੰ ਸਜਾਵਟ ਦੇਂਦਾ ਹੈ। ਜਿਹੋ ਜਿਹਾ ਰੁੱਖਾਂ ਦਾ ਅਸਲਾ ਹੈ ਤਿਹੋ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ (ਉਹੋ ਜਿਹੇ ਉਹਨਾਂ ਨੂੰ ਫੁੱਲ ਫਲ ਪੈਂਦੇ ਹਨ) । (ਇਸੇ ਤਰ੍ਹਾਂ ਜਿਹੋ ਜਿਹੀ) ਭਾਵਨਾ ਦਾ ਫੁੱਲ (ਕਿਸੇ ਮਨੁੱਖ ਦੇ ਅੰਦਰ ਹੈ) ਉਸੇ ਅਨੁਸਾਰ ਉਸ ਨੂੰ ਜੀਵਨ-ਫਲ ਲੱਗਦਾ ਹੈ। (ਉਸ ਦਾ ਜੀਵਨ ਬਣਦਾ ਹੈ) । ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ ਆਪ ਹੀ ਖਾਂਦਾ ਹੈ (ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਉਸਰਦਾ ਹੈ) ।2।

ਕਚੀ ਕੰਧ ਕਚਾ ਵਿਚਿ ਰਾਜੁ ॥ ਮਤਿ ਅਲੂਣੀ ਫਿਕਾ ਸਾਦੁ ॥ ਨਾਨਕ ਆਣੇ ਆਵੈ ਰਾਸਿ ॥ ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥

ਕੰਧ = (ਜੀਵਨ-ਉਸਾਰੀ ਦੀ) ਕੰਧ। ਰਾਜੁ = (ਜੀਵਨ-ਉਸਾਰੀ ਬਣਾਵਣ ਵਾਲਾ) ਮਨ। ਅਲੂਣੀ = ਗੁਣ-ਹੀਣ। ਸਾਦੁ = ਸੁਆਦ (ਭਾਵ, ਜੀਵਨ) । ਆਣੇ ਰਾਸਿ = ਜੇ ਰਾਸਿ ਆਣੇ, ਜੇ ਸੁਧਾਰ ਦੇਵੇ। ਆਵੈ ਰਾਸਿ = ਰਾਸਿ ਆਵੈ, ਸੁਧਰ ਜਾਂਦਾ ਹੈ। ਸਾਬਾਸਿ = ਆਦਰ, ਇੱਜ਼ਤ।3।

ਜਿਸ ਮਨੁੱਖ ਦੇ ਅੰਦਰ ਅੰਞਾਣ ਮਨ (ਜੀਵਨ-ਉਸਾਰੀ ਕਰਨ ਵਾਲਾ) ਰਾਜ = ਕਾਰੀਗਰ ਹੈ, ਉਸ ਦੀ ਜੀਵਨ- ਉਸਾਰੀ ਦੀ ਕੰਧ ਭੀ ਕੱਚੀ (ਕਮਜ਼ੋਰ) ਹੀ ਬਣਦੀ ਹੈ। ਉਸ ਦੀ ਅਕਲ ਭੀ ਫਿੱਕੀ ਤੇ ਉਸ ਦਾ ਸਾਰਾ ਜੀਵਨ ਭੀ ਫਿੱਕਾ (ਬੇ-ਰਸਾ) ਹੀ ਰਹਿੰਦਾ ਹੈ। (ਪਰ ਜੀਵ ਦੇ ਕੀਹ ਵੱਸ?) ਹੇ ਨਾਨਕ! ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ ਤਾਂ ਹੀ ਸੁਧਰਦਾ ਹੈ। (ਨਹੀਂ ਤਾਂ) ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।3। 32।

ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਕਿ ਉਸ ਅਕਾਲ ਪੁਰਖ ਨੇ ਇਹ ਪਸਾਰਾ ਸਿਰਜਿਆ ਹੈ। ਉਹ ਹੀ ਸਾਰਿਆਂ ਨੂੰ ਦਾਤਾਂ ਬਖਸ਼ਣ ਵਾਲਾ ਹੈ। ਉਸ ਨੂੰ ਕੇਵਲ ਆਪਣਾ ਨਾਮ ਹੀ ਚੰਗਾ ਲੱਗਦਾ ਹੈ। ਜੋ ਮਨੁੱਖ ਉਸ ਦੇ ਨਾਮ ਨੂੰ ਸਿਮਰਦੇ ਹਨ ਉਹ ਉਸ ਨੂੰ ਚੰਗੇ ਲੱਗਦੇ ਹਨ। ਉਨ੍ਹਾਂ ਨੂੰ ਆਕਲ ਪੁਰਖ ਸੁਮਤ ਬਖਸ਼ਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (September 22nd, 2022)

ਵੀਰਵਾਰ, 6 ਅੱਸੂ (ਸੰਮਤ 554 ਨਾਨਕਸ਼ਾਹੀ) (ਅੰਗ: 652) ਸਲੋਕੁ ਮਃ 4 ॥ ਅੰਤਰਿ ਅਗਿਆਨੁ ਭਈ …

Leave a Reply

Your email address will not be published.