ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥…

TeamGlobalPunjab
6 Min Read

ਸ਼ਬਦ ਵਿਚਾਰ -149

ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ …

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਵਿਚਰਦੇ ਹੋਏ ਮਨੁੱਖ ਅਨੇਕ ਤਰ੍ਹਾਂ ਦੇ ਵਿਕਾਰਾਂ ਵਿੱਚ ਫਸ ਜਾਂਦਾ ਹੈ ਜਿਸ ਦੇ ਚਲਦੇ ਉਸ ਦੇ ਕਰਮ ਵੀ ਚੰਗੇ ਨਹੀਂ ਰਹਿੰਦੇ ਅਤੇ ਨਾਹੀ ਉਹ ਧਰਮ ਕਰਮ ਦੇ ਹੀ ਕੋਈ ਕੰਮ ਕਰਦਾ ਹੈ। ਅਜਿਹੇ ਵਿੱਚ ਕਈ ਵਾਰ ਮਨੁੱਖ ਜਦੋਂ  ਚੰਗਾ ਕਰਨ ਦਾ ਵੀ ਸੋਚਦਾ ਹੈ ਤਾਂ ਉਹ ਆਪਣੇ ਕੀਤੇ ਮਾੜੇ ਕਰਮਾਂ ਕਰ ਕੇ ਆਸ ਹੀਣ ਹੋ ਜਾਂਦਾ ਹੈ। ਗੁਰਬਾਣੀ ਅਜਿਹੀ ਅਵਸਥਾ ਵਿੱਚ ਸਾਡਾ ਮਾਰਗ ਰੋਸ਼ਨ ਕਰਦੀ ਹੈ:

ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 24’ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ 29ਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਆਪਣੀ ਆਸ ਰੱਖਣ ਦਾ ਉਪਦੇਸ਼ ਦੇ ਰਹੇ ਹਨ ਜਿਸ ਨਾਲ ਲੋਕ ਤੇ ਪ੍ਰਲੋਕ ਦੋਵੇਂ ਹੀ ਸੁਖਾਲੇ ਹੋ ਜਾਂਦੇ  ਹਨ : 

- Advertisement -

ਸਿਰੀਰਾਗੁ ਮਹਲਾ ੧ ਘਰੁ ੪ ॥ ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੧॥

ਪਦ ਅਰਥ: ਸੁਆਨੁ = ਕੁੱਤਾ, ਲੋਭ। ਦੁਇ = ਦੇ। ਸੁਆਨੀ = ਕੁੱਤੀਆਂ (ਆਸਾ, ਤ੍ਰਿਸ਼ਨਾ) । ਭਲਕੇ = ਨਿੱਤ। ਬਇਆਲਿ = ਸਵੇਰੇ। ਕੂੜੁ = ਝੂਠ। ਮੁਠਾ = ਮੁੱਠਾ, ਮਾਇਆ ਵਿਚ ਠੱਗਿਆ ਜਾ ਰਿਹਾ ਹਾਂ। ਧਾਣਕ = ਸਾਂਹਸੀ। ਰੂਪਿ = ਰੂਪ ਵਾਲਾ, ਵੇਸ ਵਾਲਾ।1।

ਅਰਥ: ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ, ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ, (ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) ।1।

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥

ਪੰਦਿ = ਨਸੀਹਤ, ਸਿੱਖਿਆ। ਕਰਣੀ ਕੀ ਕਾਰ = ਜੇਹੜੀ ਕਾਰ ਕਰਨੀ ਚਾਹੀਦੀ ਹੈ, ਚੰਗੀ ਕਰਣੀ। ਬਿਕਰਾਲ = ਡਰਾਉਣਾ। ਆਧਾਰੁ = ਆਸਰਾ।1। ਰਹਾਉ।

- Advertisement -

ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਮੈਨੂੰ ਹੁਣ ਸਿਰਫ਼ ਇਹੀ ਆਸ ਹੈ ਇਹੋ ਆਸਰਾ ਹੈ ਕਿ ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ) ।1। ਰਹਾਉ।

ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥੨॥

ਮੁਖਿ = ਮੂੰਹ ਨਾਲ। ਪਰ ਘਰੁ = ਪਰਾਇਆ ਘਰ। ਜੋਹੀ = ਜੋਹੀਂ, ਮੈਂ ਤੱਕਦਾ ਹਾਂ। ਸਨਾਤਿ = ਨੀਵੇਂ ਅਸਲੇ ਵਾਲਾ। ਤਨਿ = ਤਨ ਵਿਚ, ਸਰੀਰ ਵਿਚ।2।

ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ।2।

ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੩॥

ਸੁਰਤਿ = ਧਿਆਨ। ਫਾਹੀ ਸੁਰਤਿ = ਧਿਆਨ ਇਸ ਪਾਸੇ ਹੈ ਕਿ ਲੋਕਾਂ ਨੂੰ ਫਸਾ ਲਵਾਂ। ਮਲੂਕੀ ਵੇਸੁ = ਫ਼ਰਿਸ਼ਤਿਆਂ ਵਾਲਾ ਬਾਣਾ, ਫ਼ਕੀਰਾਂ ਵਾਲਾ ਲਿਬਾਸ। ਠਗ ਵਾੜਾ = ਠੱਗੀ ਦਾ ਅੱਡਾ। ਠਗੀ = ਠੱਗੀਂ, ਮੈਂ ਠੱਗਦਾ ਹਾਂ। ਖਰਾ = ਬਹੁਤ। ਭਾਰੁ = ਪਾਪਾਂ ਦਾ ਬੋਝ।3।

ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ। (ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ) । ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ।3।

ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥੨੯॥ 

ਹਰਾਮਖੋਰੁ = ਪਰਾਇਆ ਹੱਕ ਖਾਣ ਵਾਲਾ। ਹਉ = ਮੈਂ। ਕਿਆ ਮੁਹੁ ਦੇਸਾ = (ਦੇਸਾਂ) ਮੈਂ ਕੀਹ ਮੂੰਹ ਦਿਆਂਗਾ, ਮੈਂ ਕੇਹੜੇ ਮੂੰਹ ਤੇਰੇ ਸਾਹਮਣੇ ਹਾਜ਼ਰ ਹੋਵਾਂਗਾ? ਤੇਰੇ ਸਾਹਮਣੇ ਪੇਸ਼ ਹੁੰਦਿਆਂ ਮੈਨੂੰ ਬੜੀ ਸ਼ਰਮ ਆਵੇਗੀ। ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!4।

ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ? ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ– ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ।4। 29।

ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਜੇ ਸਾਰੀਆਂ ਚਤੁਰਾਈਆਂ ਛੱਡ ਕੇ ਉਸ ਅਕਾਲ ਪੁਰਖ ਦੇ ਚਰਨਾਂ ਦਾ ਅਸਾਰਾ ਲੈ। ਉਸ ਦਾ ਨਾਮ ਜਪ ਕਿਉਂਕਿ ਉਸ ਦਾ ਨਾਮ ਹੀ ਸਾਰੇ ਜੀਵਾਂ ਨੂੰ ਤਾਰਣ ਦੀ ਸਮਰਥਾ ਰੱਖਦਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਸੁਝਾਅ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Share this Article
Leave a comment